ਬੁੱਧਵਾਰ ਨੂੰ Geraldine ‘ਚ ਦੋ ਵਾਹਨਾਂ ਵਿਚਕਾਰ ਆਹਮੋ-ਸਾਹਮਣੇ ਵਾਪਰੇ ਭਿਆਨਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਇਸ ਮਾਮਲੇ ਬਾਰੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਾਨ ਗਵਾਉਣ ਵਾਲੇ 3 ਜਾਣੇ ਕੋਰੀਆ ਦੀ ਰਾਸ਼ਟਰੀ ਸਕੀ ਟੀਮ ਦੇ ਮੈਂਬਰ ਸਨ। ਇੱਕ ਰਿਪੋਰਟ ਮੁਤਾਬਿਕ ਟੀਮ ਦੇ ਮੈਂਬਰ, ਕੋਚ ਅਤੇ ਹੋਰ ਸਾਥੀ ਇੱਕ ਦਿਨ ਦੀ ਸਿਖਲਾਈ ਤੋਂ ਬਾਅਦ ਕਾਫਲੇ ਵਿੱਚ ਯਾਤਰਾ ਕਰ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਅਜੇ ਇਹ ਅਸਪਸ਼ਟ ਹੈ ਕਿ ਹਾਦਸੇ ਦਾ ਕਾਰਨ ਕੀ ਹਨ।
ਟੀਮ ਦੇ ਨਜ਼ਦੀਕੀ ਇੱਕ ਸਰੋਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ “ਉਹ ਸਾਰੇ ਸਕੀ ਰੇਸਰ ਸਨ, ਇਹ ਸਾਡੇ ਸਕੀ ਭਾਈਚਾਰੇ ਲਈ ਬਹੁਤ ਦੁਖਦਾਈ ਖ਼ਬਰ ਹੈ। ਉਹ ਬਹੁਤ ਜਵਾਨ ਅਤੇ ਬਹੁਤ ਪ੍ਰਤਿਭਾਸ਼ਾਲੀ ਰੇਸਰ ਸਨ।” ਕੱਲ ਦੁਪਹਿਰ ਕਰੀਬ 3.15 ਵਜੇ ਸਟੇਟ ਹਾਈਵੇਅ 7 ‘ਤੇ ਵਾਪਰੇ ਇਸ ਹਾਦਸੇ ਵਿੱਚ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਦੱਸ ਦੇਈਏ ਜਿਸ ਟੂਰਨਾਮੈਂਟ ‘ਚ ਇਹ ਟੀਮ ਹਿੱਸਾ ਲੈਣ ਪਹੁੰਚੀ ਸੀ ਉਹ ਭਲਕੇ ਸ਼ੁਰੂ ਹੋਣਾ ਹੈ।