ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਲਈ ਟਿਕਟ ਹਾਸਿਲ ਕਰ ਲਈ ਹੈ। ਇਸ ਨਾਲ ਟੀ-20 ਵਿਸ਼ਵ ਕੱਪ 2024 ਦੀ ਪਹਿਲੀ ਫਾਈਨਲਿਸਟ ਟੀਮ ਵੀ ਪੱਕੀ ਹੋ ਗਈ ਹੈ। ਹੁਣ 29 ਜੂਨ ਨੂੰ ਫਾਈਨਲ ਮੈਚ ਵਿੱਚ ਦੱਖਣੀ ਅਫ਼ਰੀਕਾ ਦੀ ਟੀਮ ਦਾ ਸਾਹਮਣਾ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ। ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਸੈਮੀਫਾਈਨਲ ‘ਚ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਹੈ।
ਟੂਰਨਾਮੈਂਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦੱਖਣੀ ਅਫ਼ਰੀਕਾ ਦੀ ਟੀਮ ਫਾਈਨਲ ਵਿੱਚ ਪਹੁੰਚੀ ਹੈ। ਇਸ ਤੋਂ ਪਹਿਲਾਂ ਉਸ ਨੇ 2009 ਅਤੇ 2014 ਦੇ ਟੀ-20 ਵਿਸ਼ਵ ਕੱਪ ਵਿੱਚ ਇਹ ਉਪਲਬਧੀ ਹਾਸਲ ਕਰਨ ਦੇ ਦੋ ਮੌਕੇ ਗੁਆ ਦਿੱਤੇ ਸਨ। ਦੱਖਣੀ ਅਫਰੀਕਾ ਨੂੰ ਉਦੋਂ ਪਾਕਿਸਤਾਨ ਅਤੇ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ, ਇਸ ਵਾਰ ਉਸਨੇ ਅਫਗਾਨਿਸਤਾਨ ਦੀਆਂ ਇੱਛਾਵਾਂ ਨੂੰ ਤੋੜ ਕੇ ਆਪਣੇ ਲਈ ਇੱਕ ਇਤਿਹਾਸਕ ਸਕ੍ਰਿਪਟ ਲਿਖੀ ਹੈ।