ਬੀਤੇ ਦਿਨੀ ਅਫਗਾਨਿਸਤਾਨ ‘ਚ ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਕਤਲ ਕਰ ਦਿੱਤਾ ਗਿਆ ਸੀ। ਦਾਨਿਸ਼ ਨਿਊਜ਼ ਏਜੰਸੀ ਰਾਇਟਰਜ਼ ਲਈ ਕੰਮ ਕਰਦੇ ਸੀ। ਕੁੱਝ ਦਿਨਾਂ ਤੋਂ ਉਹ ਕੰਧਾਰ ਦੀ ਮੌਜੂਦਾ ਸਥਿਤੀ ਨੂੰ ਕਵਰ ਕਰ ਰਹੇ ਸਨ। ਰਾਇਟਰਜ਼ ਦੀ ਖ਼ਬਰ ਅਨੁਸਾਰ ਸ਼ੁੱਕਰਵਾਰ ਨੂੰ ਦਾਨਿਸ਼ ਤਾਲਿਬਾਨ ਦੇ ਲੜਾਕੂਆਂ ਅਤੇ ਅਫਗਾਨ ਸੈਨਾ ਦੇ ਵਿਚਾਲੇ ਜੰਗ ਨੂੰ ਕਵਰ ਕਰ ਰਹੇ ਸੀ। ਇਸ ਸਮੇਂ ਦੌਰਾਨ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦਾਨਿਸ਼ ਸਿਦੀਕੀ ਦੀ ਹੱਤਿਆ ਸਪਿਨ ਬੋਲਦਕ ਜ਼ਿਲ੍ਹੇ ਵਿੱਚ ਕੀਤੀ ਗਈ ਸੀ। ਇਹ ਜ਼ਿਲ੍ਹਾ ਪਾਕਿਸਤਾਨ ਨਾਲ ਲੱਗਦਾ ਹੈ।
ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਮੌਤ ‘ਤੇ ਤਾਲਿਬਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ। ਤਾਲਿਬਾਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਨੂੰ ਮਾਰ ਦਿੱਤਾ ਗਿਆ। ਤਾਲਿਬਾਨ ਨੇ ਪੱਤਰਕਾਰ ਦੀ ਮੌਤ ‘ਤੇ ਅਫਸੋਸ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਨਹੀਂ ਹੈ ਕਿ ਕਿਸ ਦੀ ਗੋਲੀਬਾਰੀ ਦੌਰਾਨ ਪੱਤਰਕਾਰ ਮਾਰਿਆ ਗਿਆ ਸੀ।