ਅਗਲੇ ਮਹੀਨੇ ਪੰਜਾਬ ਅਤੇ ਯੂਪੀ ਸਣੇ 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਪਰ ਉਸ ਤੋਂ ਪਹਿਲਾ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੀ ਆਗੂਆਂ ਦਾ ਪਾਰਟੀਆਂ ‘ਚ ਆਉਣ ਜਾਣ ਵੀ ਸ਼ੁਰੂ ਹੋ ਗਿਆ ਹੈ। ਉੱਥੇ ਹੀ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਵੀ ਚੋਣ ਮੈਦਾਨ ‘ਚ ਹੈ। ਉਹ ਹਾਲ ਹੀ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ। ਪਰ ਕੋਰੋਨਾਕਾਲ ਦੌਰਾਨ ਲੋਕਾਂ ਦੀ ਮਦਦ ਕਰਕੇ ਵਾਹ-ਵਾਹੀ ਖੱਟਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਆਪਣੀ ਭੈਣ ਲਈ ਪ੍ਰਚਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿਤਾ ਹੈ। ਦੱਸ ਦੇਈਏ ਕਿ ਭੈਣ ਮਾਲਵਿਕਾ ਦੇ ਪੰਜਾਬ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਸੋਨੂੰ ਸੂਦ ਜਲਦ ਹੀ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਆਪਣੀ ਭੈਣ ਲਈ ਚੋਣ ਪ੍ਰਚਾਰ ਕਰਨਗੇ। ਇਨ੍ਹਾਂ ਅਟਕਲਾਂ ਵਿਚਾਲੇ ਸੋਨੂੰ ਸੂਦ ਨੇ ਅਹਿਮ ਫੈਸਲਾ ਕੀਤਾ ਹੈ ।
ਸੋਨੂੰ ਸੂਦ ਨੇ ਅਹਿਮ ਫੈਸਲਾ ਲੈਂਦਿਆਂ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ । ਉਨ੍ਹਾਂ ਨੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਆਪਣੀ ਭੈਣ ਮਾਲਵਿਕਾ ਦੀ ਚੋਣ ਮੁਹਿੰਮ ਦਾ ਹਿੱਸਾ ਨਹੀਂ ਹੋਣਗੇ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਭੈਣ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ‘ਤੇ ਬਹੁਤ ਮਾਣ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਮਾਲਵਿਕਾ ਨੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਕੀਤਾ ਹੈ, ਜਿਸ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ ਹਮੇਸ਼ਾਂ ਉਸਦੇ ਨਾਲ ਹਨ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਉਹ ਲੋਕਾਂ ਦੇ ਸੰਪਰਕ ਵਿੱਚ ਰਹਿ ਕੇ ਉਨ੍ਹਾਂ ਦੀ ਮਦਦ ਕਰ ਸਕੇਗੀ।
ਚੋਣਾਂ ਦੇ ਪ੍ਰਚਾਰ ਨੂੰ ਲੈ ਕੇ ਸੋਨੂੰ ਸੂਦ ਨੇ ਕਿਹਾ ਕਿ ਇਹ ਮਾਲਵਿਕਾ ਦੀ ਯਾਤਰਾ ਹੈ। ਮੇਰਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਉਹੀ ਕਰਦਾ ਰਹਾਂਗਾ ਜੋ ਮੈਂ ਕਰਦਾ ਰਿਹਾ ਹਾਂ। ਮੈਂ ਚੋਣਾਂ ਵਿੱਚ ਉਸ ਲਈ ਪ੍ਰਚਾਰ ਨਹੀਂ ਕਰਾਂਗਾ। ਕਿਉਂਕਿ ਮੈਂ ਚਾਹੁੰਦਾ ਹਾਂ ਕਿ ਉਹ ਸਖ਼ਤ ਮਿਹਨਤ ਕਰੇ ਅਤੇ ਆਪਣਾ ਕੰਮ ਕਰੇ। ਆਪਣੇ ਰਾਜਨੀਤੀ ਆਉਣ ਬਾਰੇ ਸੋਨੂੰ ਸੂਦ ਨੇ ਕਿਹਾ ਕਿ ਉਹ ਵੀ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਰਾਜਨੀਤੀ ਜਾਂ ਸਿਆਸੀ ਸਬੰਧਾਂ ਤੋਂ ਦੂਰ ਰਹਿਣਗੇ।