ਇਨਕਮ ਟੈਕਸ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀਆਂ ਮੁਸ਼ਕਿਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਆਮਦਨ ਕਰ ਅਧਿਕਾਰੀਆਂ ਦੀ ਟੀਮ ਦੂਜੇ ਦਿਨ ਵੀ ਸਰਵੇਖਣ ਲਈ ਸੋਨੂੰ ਸੂਦ ਦੇ ਘਰ ਪਹੁੰਚੀ ਹੈ। ਬੁੱਧਵਾਰ ਦੀ ਤਰ੍ਹਾਂ ਆਮਦਨ ਕਰ ਵਿਭਾਗ ਦੀ ਟੀਮ ਅਜੇ ਵੀ ਸੋਨੂੰ ਸੂਦ ਦੇ ਘਰ ‘ਚ ਸਰਵੇਖਣ ਕਰ ਰਹੀ ਹੈ।ਅਦਾਕਾਰ ਸੋਨੂੰ ਸੂਦ ਨਾਲ ਸਬੰਧਿਤ ਥਾਵਾਂ ‘ਤੇ ਬੁੱਧਵਾਰ ਨੂੰ 20 ਘੰਟਿਆਂ ਤੱਕ ਛਾਪੇਮਾਰੀ ਹੋਈ ਸੀ। ਬੁੱਧਵਾਰ ਨੂੰ ਵੀ ਸੋਨੂੰ ਸੂਦ ਦੇ ਘਰ ਅਤੇ ਦਫਤਰ ਸਮੇਤ ਉਨ੍ਹਾਂ ਦੇ ਕਈ ਟਿਕਾਣਿਆਂ ‘ਤੇ ਛਾਪੇ ਮਾਰੇ ਗਏ ਸਨ। ਹੁਣ ਇਸ ਛਾਪੇਮਾਰੀ ਦੀ ਟਾਈਮਿੰਗ ਬਾਰੇ ਵੀ ਕਈ ਸਵਾਲ ਉੱਠ ਰਹੇ ਹਨ। ਸੋਨੂੰ ਸੂਦ ਨੇ ਹਾਲ ਹੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਉਹ ਦਿੱਲੀ ਸਰਕਾਰ ਦੇ ‘Desh ke Mentor’ ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਵੀ ਬਣੇ ਸਨ।
ਤੁਹਾਨੂੰ ਦੱਸ ਦੇਈਏ ਕਿ ਜਿਸ ਤਰ੍ਹਾਂ ਸੋਨੂੰ ਸੂਦ ਨੇ ਕੋਰੋਨਾ ਦੇ ਦੌਰ ਵਿੱਚ ਇੱਕ ਆਮ ਆਦਮੀ ਦੀ ਖੁੱਲ੍ਹ ਕੇ ਮਦਦ ਕੀਤੀ, ਲੋਕਾਂ ਨੇ ਸੋਨੂੰ ਨੂੰ ਮਸੀਹਾ ਕਹਿਣਾ ਸ਼ੁਰੂ ਕਰ ਦਿੱਤਾ। ਪਰ ਬੁੱਧਵਾਰ ਨੂੰ ਹੈਰਾਨ ਕਰਨ ਵਾਲੀ ਖਬਰ ਆਈ, ਕਿ ਇਨਕਮ ਟੈਕਸ ਵਿਭਾਗ ਨੇ ਸੋਨੂੰ ਸੂਦ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਬੁੱਧਵਾਰ ਨੂੰ ਇਨਕਮ ਟੈਕਸ ਟੀਮ ਨੇ ਸੋਨੂੰ ਸੂਦ ਨਾਲ ਸਬੰਧਿਤ 6 ਥਾਵਾਂ ‘ਤੇ ਸਰਵੇਖਣ ਕੀਤਾ ਸੀ। ਸੂਤਰਾਂ ਅਨੁਸਾਰ ਸੋਨੂੰ ਸੂਦ ਦੇ ਵਿੱਤੀ ਰਿਕਾਰਡਾਂ, ਆਮਦਨੀ, ਅਕਾਊਂਟ ਬੁਕਸ, ਖਰਚਿਆਂ ਨਾਲ ਜੁੜੇ ਅੰਕੜਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੇ ਸੋਨੂੰ ਸੂਦ ਦੇ ਘਰ ‘ਤੇ ਕੀਤੇ ਜਾ ਰਹੇ ਸਰਵੇਖਣ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।