ਜਿਵੇਂ-ਜਿਵੇਂ 2022 ‘ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ, ਉਸ ਦੇ ਨਾਲ ਹੀ ਸੂਬੇ ਵਿੱਚ ਸਿਆਸੀ ਗਤੀਵਿਧੀਆਂ ਵੀ ਵੱਧਦੀਆਂ ਹੀ ਜਾ ਰਹੀਆਂ ਹਨ। ਇਸੇ ਦੌਰਾਨ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਵਿਚਾਲੇ ਮੁਲਾਕਾਤ ਹੋਈ ਹੈ। ਜਿਸ ਤੋਂ ਬਾਅਦ ਕਈ ਸਵਾਲ ਵੀ ਖੜ੍ਹੇ ਹੋ ਰਹੇ ਹਨ ਕਿ ਕੀ ਪੰਜਾਬ ਦੀ ਸਿਆਸਤ ਵਿੱਚ ਕੋਈ ਵੱਡਾ ਧਮਾਕਾ ਹੋਣ ਜਾ ਰਿਹਾ ਹੈ? ਮੀਡੀਆਂ ਰਿਪੋਰਟਸ ਮੁਤਾਬਿਕ ਬਾਲੀਵੁੱਡ ਅਦਾਕਾਰ ਨੇ ਚੰਡੀਗੜ੍ਹ ਦੇ ਸੈਕਟਰ 35 ਵਿੱਚ ਇੱਕ ਨਿੱਜੀ ਹੋਟਲ ‘ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਤਕਰੀਬਨ 2 ਘੰਟੇ ਤੱਕ ਮੁਲਾਕਾਤ ਕੀਤੀ ਹੈ। ਸੋਨੂ ਸੂਦ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਦੇ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ। ਸੋਨੂ ਸੂਦ ਪਿਛਲੇ ਕੁੱਝ ਦਿਨਾਂ ਤੋਂ ਚਰਚਾਵਾਂ ਵਿੱਚ ਵੀ ਹਨ। ਉਨ੍ਹਾਂ ਨੇ ਚੋਣ ਮੈਨੀਫੈਸਟੋ ਨੂੰ ਲੈ ਕੇ ਵੀ ਕਈ ਅਹਿਮ ਸਵਾਲ ਖੜ੍ਹੇ ਕੀਤੇ ਸਨ।
ਸੋਨੂੰ ਸੂਦ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਇਹ ਮੀਟਿੰਗ ਉਸ ਸਮੇਂ ਹੋਈ ਹੈ, ਜਦੋਂ ਖਬਰਾਂ ਸਨ ਕਿ ਆਮ ਆਦਮੀ ਪਾਰਟੀ ਅਦਾਕਾਰ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਦਾ ਯਤਨ ਕਰ ਰਹੀ ਹੈ। ਜਾਣਕਾਰੀ ਇਹ ਵੀ ਹੈ ਕਿ ਸੋਨੂੰ ਸੂਦ ਨੇ ਫਿਲਮ ਸਿਟੀ ਤੇ ਚੈਰੀਟੇਬਲ ਹਸਪਤਾਲ ਸਬੰਧੀ ਕੁੱਝ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਸੋਨੂੰ ਸੂਦ ਨੇ ਪੰਜਾਬ ‘ਚ ਆਕੀਸਜਨ ਪਲਾਂਟ ਤੇ ਚੈਰੀਟੇਬਲ ਹਸਪਤਾਲ ਖੋਲ੍ਹਣ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਸੀ ਪਰ ਅਜੇ ਤੱਕ ਸੋਨੂੰ ਸੂਦ ਦੀਆਂ ਇਨ੍ਹਾਂ ਮੰਗਾਂ ‘ਤੇ ਅਮਲ ਨਹੀਂ ਕੀਤਾ ਗਿਆ। ਗੌਰਤਲਬ ਹੈ ਕਿ ਸੋਨੂੰ ਸੂਦ ਅਦਾਕਾਰ ਹੋਣ ਦੇ ਨਾਲ-ਨਾਲ ਸਮਾਜ ਸੇਵੀ ਵੀ ਹਨ। ਕੋਵਿਡ ਦੌਰਾਨ ਉਨ੍ਹਾਂ ਨੇ ਕਈ ਸਮਾਜ ਸੇਵੀ ਕੰਮ ਕੀਤੇ, ਜਿਸ ਕਾਰਨ ਉਨ੍ਹਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸੀ। ਹੁਣ ਸੋਨੂੰ ਸੂਦ ਦਾ ਸਿਆਸੀ ਗਲਿਆਰਿਆਂ ਵਿੱਚ ਰੁਝਾਨ ਪੈਦਾ ਹੋ ਰਿਹਾ ਹੈ ਅਤੇ ਜਲਦ ਹੀ ਉਨ੍ਹਾਂ ਦੀ ਰਾਜਨੀਤੀ ‘ਚ ਐਂਟਰੀ ਹੋ ਸਕਦੀ ਹੈ। ਸੋਨੂੰ ਸੂਦ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੁਲਾਕਾਤ ਨਾਲ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਦੇ ਬਾਜ਼ਾਰ ਗਰਮ ਹੋ ਗਏ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਦੀ ਸਿਆਸਤ ਵ’ਚ ਕਿਹੜਾ ਨਵਾਂ ਮੋੜ ਆਉਣ ਵਾਲਾ ਹੈ।