ਸੋਨੂੰ ਨਿਗਮ ਦੇ ਪਿਤਾ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਗਾਇਕ ਦੇ 76 ਸਾਲਾ ਪਿਤਾ ਅਗਮਕੁਮਾਰ ਨਿਗਮ ਦੇ ਮੁੰਬਈ ਸਥਿਤ ਘਰ ‘ਚ ਚੋਰੀ ਹੋਈ ਹੈ। ਉਨ੍ਹਾਂ ਦੇ ਸਾਬਕਾ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਡਰਾਈਵਰ ਨੂੰ ਉਸਦੀ ਕਾਰਗੁਜ਼ਾਰੀ ਦੇ ਚੱਲਦਿਆਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਹੁਣ ਡਰਾਈਵਰ ਨੇ ਘਰੋਂ 72 ਲੱਖ ਰੁਪਏ ਚੋਰੀ ਕਰ ਲਏ ਹਨ। ਰਿਪੋਰਟਾਂ ਮੁਤਾਬਿਕ ਇਹ ਘਟਨਾ 19-20 ਮਾਰਚ ਦਰਮਿਆਨ ਵਾਪਰੀ ਸੀ। ਸੋਨੂੰ ਨਿਗਮ ਦੇ ਪਿਤਾ ਅੰਧੇਰੀ ਈਸਟ, ਓਸ਼ੀਵਾੜਾ, ਮੁੰਬਈ ਵਿੱਚ ਰਹਿੰਦੇ ਹਨ।
ਸ਼ਿਕਾਇਤ ਮੁਤਾਬਿਕ ਅਗਮਕੁਮਾਰ ਨਿਗਮ ਦਾ ਰੇਹਾਨ ਨਾਂ ਦਾ ਡਰਾਈਵਰ ਸੀ। ਰੇਹਾਨ ਨੇ 8 ਮਹੀਨੇ ਤੱਕ ਸੋਨੂੰ ਨਿਗਮ ਦੇ ਪਿਤਾ ਕੋਲ ਨੌਕਰੀ ਕੀਤੀ ਸੀ। ਇਸ ਤੋਂ ਬਾਅਦ ਹਾਲ ਹੀ ਵਿੱਚ ਰੇਹਾਨ ਨੂੰ ਕੰਮ ਤੋਂ ਅਸੰਤੁਸ਼ਟ ਹੋਣ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਹੁਣ ਰੇਹਾਨ ‘ਤੇ ਸੋਨੂੰ ਨਿਗਮ ਦੇ ਪਿਤਾ ਦੇ ਘਰ ‘ਚ ਦਾਖਲ ਹੋ ਕੇ 72 ਲੱਖ ਰੁਪਏ ਚੋਰੀ ਕਰਨ ਦਾ ਇਲਜ਼ਾਮ ਲਾਇਆ ਹੈ। ਸੋਨੂੰ ਨਿਗਮ ਦੀ ਛੋਟੀ ਭੈਣ ਨਿਕਿਤਾ ਨੇ ਓਸ਼ੀਵਾਰਾ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਵਿੱਚ ਭਾਰਤੀ ਪੈਨਲ ਕੋਡ ਦੀ ਧਾਰਾ 380, 454 ਅਤੇ 474 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਜਦੋਂ ਸੀਸੀਟੀਵੀ ਫੁਟੇਜ ਵਿੱਚ ਜਾਂਚ ਕੀਤੀ ਗਈ ਕਿ ਮੁਲਜ਼ਮ ਕੌਣ ਹੈ। ਉਦੋਂ ਅਗਮ ਕੁਮਾਰ ਅਤੇ ਉਸ ਦੀ ਬੇਟੀ ਨਿਕਿਤਾ ਨੇ ਆਪਣੇ ਪੁਰਾਣੇ ਡਰਾਈਵਰ ਨੂੰ ਪਛਾਣ ਲਿਆ ਅਤੇ ਉਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਫਿਲਹਾਲ ਪੁਲਿਸ ਇਸ ਸਬੰਧੀ ਕਾਰਵਾਈ ਕਰ ਰਹੀ ਹੈ। ਦੂਜੇ ਪਾਸੇ ਜੇਕਰ ਸੋਨੂੰ ਨਿਗਮ ਦੀ ਗੱਲ ਕਰੀਏ ਤਾਂ ਇਸ ਮਾਮਲੇ ‘ਤੇ ਗਾਇਕ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।