ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੋਨੀਆ ਗਾਂਧੀ ਸ਼ਨੀਵਾਰ ਨੂੰ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਚੁਣੇ ਗਏ ਹਨ। ਸ਼ਨੀਵਾਰ ਨੂੰ ਸੰਸਦ ਦੇ ਸੈਂਟਰਲ ਹਾਲ ‘ਚ ਕਾਂਗਰਸ ਸੰਸਦੀ ਦਲ ਦੀ ਬੈਠਕ ਹੋਈ ਅਤੇ ਸੋਨੀਆ ਗਾਂਧੀ ਨੂੰ ਸਰਬਸੰਮਤੀ ਨਾਲ ਦੁਬਾਰਾ ਪ੍ਰਧਾਨ ਚੁਣ ਲਿਆ ਗਿਆ। ਉਨ੍ਹਾਂ ਦੇ ਨਾਂ ਦੀ ਤਜਵੀਜ਼ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਰੱਖੀ ਸੀ, ਜਦਕਿ ਗੌਰਵ ਗੋਗੋਈ, ਤਾਰਿਕ ਅਨਵਰ ਅਤੇ ਕੇ ਸੁਧਾਕਰਨ ਨੇ ਪ੍ਰਸਤਾਵ ਦਾ ਸਮਰਥਨ ਕੀਤਾ।
77 ਸਾਲਾ ਸੋਨੀਆ ਗਾਂਧੀ ਫਰਵਰੀ ਵਿੱਚ ਰਾਜ ਸਭਾ ਲਈ ਚੁਣੀ ਗਈ ਸੀ। ਇਸ ਤੋਂ ਪਹਿਲਾਂ, ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਨੇ ਸਰਬਸੰਮਤੀ ਨਾਲ ਰਾਹੁਲ ਗਾਂਧੀ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੇ ਪਾਰਟੀ ਦੇ ਚੋਟੀ ਦੇ ਨੇਤਾਵਾਂ ਨੂੰ ਕਿਹਾ ਕਿ ਉਹ ਇਸ ਬਾਰੇ “ਬਹੁਤ ਜਲਦੀ” ਫੈਸਲਾ ਲੈਣਗੇ।