ਅਦਾਕਾਰਾ ਸੋਨਮ ਕਪੂਰ ਦੀ ਸੱਸ ਦੇ ਘਰ ਹੋਈ ਚੋਰੀ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਨਾਂ ਨਰੇਸ਼ ਅਤੇ ਅਪਰਨਾ ਹਨ, ਜੋ ਪਤੀ-ਪਤਨੀ ਹਨ। ਅਪਰਨਾ ਇੱਕ ਨਰਸ ਦੇ ਤੌਰ ‘ਤੇ ਕੰਮ ਕਰਦੀ ਹੈ, ਜਿਸ ਦਾ ਸੋਨਮ ਕਪੂਰ ਦੀ 86 ਸਾਲਾ ਸੱਸ ਸਰਲਾ ਆਹੂਜਾ ਦੇ ਘਰ ਆਉਣਾ ਜਾਣਾ ਸੀ। ਉਨ੍ਹਾਂ ਨੇ ਹੌਲੀ-ਹੌਲੀ ਗਹਿਣੇ ਅਤੇ ਨਕਦੀ ਮਿਲਾ ਕੇ 2.47 ਕਰੋੜ ਰੁਪਏ ‘ਤੇ ਹੱਥ ਸਾਫ ਕੀਤਾ ਸੀ। ਸੋਨਮ ਦੀ ਸੱਸ ਦਾ ਘਰ ਨਵੀਂ ਦਿੱਲੀ ਦੇ ਅੰਮ੍ਰਿਤਾ ਸ਼ੇਰਗਿੱਲ ਮਾਰਗ ‘ਤੇ ਹੈ।
ਦੋਸ਼ੀ ਔਰਤ ਸੋਨਮ ਕਪੂਰ ਦੀ ਸੱਸ ਦੇ ਘਰ ਲੋੜ ਪੈਣ ‘ਤੇ ਮਰੀਜ਼ ਦੀ ਦੇਖਭਾਲ ਕਰਦੀ ਸੀ। ਭਾਵੇਂ ਉਹ ਹਮੇਸ਼ਾ ਨਹੀਂ ਜਾਂਦੀ ਸੀ, ਪਰ ਲੋੜ ਪੈਣ ‘ਤੇ ਉਸ ਨੂੰ ਬੁਲਾਇਆ ਜਾਂਦਾ ਸੀ। ਇਹੀ ਕਾਰਨ ਹੈ ਕਿ ਉਹ ਸੋਨਮ ਦੀ ਸੱਸ ਦੇ ਘਰ ਲੋਕਾਂ ਦੇ ਕਾਫੀ ਕਰੀਬ ਹੋ ਗਈ ਸੀ। ਹੁਣ ਚੋਰੀ ਦੇ ਮਾਮਲੇ ‘ਚ ਅਪਰਨਾ ਅਤੇ ਉਸ ਦੇ ਪਤੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
23 ਫਰਵਰੀ ਨੂੰ ਸੋਨਮ ਕਪੂਰ ਦੀ ਸੱਸ ਸਰਲਾ ਆਹੂਜਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ‘ਚ ਘਰ ‘ਚੋਂ 2.4 ਕਰੋੜ ਰੁਪਏ ਚੋਰੀ ਹੋਣ ਦੀ ਗੱਲ ਕਹੀ ਗਈ ਸੀ। ਇਸ ਵਿੱਚ ਗਹਿਣੇ ਅਤੇ ਨਕਦੀ ਦੋਵੇਂ ਸ਼ਾਮਿਲ ਸਨ। ਉਨ੍ਹਾਂ ਨੂੰ 11 ਫਰਵਰੀ ਨੂੰ ਚੋਰੀ ਬਾਰੇ ਪਤਾ ਲੱਗਾ। ਪੁਲੀਸ ਨੇ 23 ਫਰਵਰੀ ਨੂੰ ਹੀ ਤੁਗਲਕ ਰੋਡ ਥਾਣੇ ਵਿੱਚ ਇਸ ਮਾਮਲੇ ਸਬੰਧੀ ਐਫਆਈਆਰ ਦਰਜ ਕੀਤੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਪੁਲਸ ਦੇ ਨਾਲ-ਨਾਲ ਸਪੈਸ਼ਲ ਸਟਾਫ ਦੀ ਟੀਮ ਵੀ ਜਾਂਚ ‘ਚ ਜੁਟੀ ਹੋਈ ਹੈ। ਹਾਲਾਂਕਿ ਹੁਣ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮੁਲਜ਼ਮਾਂ ਨੂੰ ਟਰੇਸ ਕਰ ਲਿਆ ਹੈ।