ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਬਾਹੜੋਵਾਲ ਵਿੱਚ ਇੱਕ ਸ਼ਰਾਬੀ ਪੁੱਤ ਨੇ ਆਪਣੇ ਪਿਉ ਦੀ ਰੋਟੀ ਖਾਂਦੇ ਸਮੇਂ ਹੱਤਿਆ ਕਰ ਦਿੱਤੀ। ਮੁਲਜ਼ਮ ਪੁੱਤਰ ਸ਼ਰਾਬ ਦਾ ਆਦੀ ਦੱਸਿਆ ਜਾਂ ਰਿਹਾ ਹੈ। ਇਸ ਕਾਰਨ ਘਰ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਬੰਗਾ ਸਦਰ ਥਾਣਾ ਇੰਚਾਰਜ ਰਾਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਛੋਟੇ ਪੁੱਤਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿੱਚ ਉਸ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸ਼ਰਾਬ ਪੀਣ ਦਾ ਆਦੀ ਹੈ ਅਤੇ ਰਾਤ ਨੂੰ ਖਾਣਾ ਖਾਣ ਸਮੇਂ ਉਸ ਨੇ ਆਪਣੇ ਪਿਤਾ ਨਾਲ ਲੜਾਈ ਸ਼ੁਰੂ ਕਰ ਦਿੱਤੀ। ਇਸ ਝਗੜੇ ਦੌਰਾਨ ਉਸ ਨੇ ਬਹੁਤ ਗੁੱਸੇ ਵਿੱਚ ਆ ਕੇ ਘਰ ਦੇ ਇੱਕ ਪਾਸੇ ਪਈ ਇੱਟ ਨਾਲ ਆਪਣੇ ਪਿਤਾ ਦੇ ਸਿਰ ‘ਤੇ ਵਾਰ ਕਰ ਦਿੱਤਾ।
ਪਿਤਾ ਗੰਭੀਰ ਜ਼ਖਮੀ ਹੋ ਗਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਤਿੰਨ ਪੁੱਤਰ ਹਨ। ਸਾਰੇ ਅਣਵਿਆਹੇ ਹਨ। ਪੁਲਿਸ ਨੇ ਪੁੱਤ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।