ਬ੍ਰਿਟੇਨ ‘ਚ ਬਰਫੀਲੇ ਤੂਫਾਨ ਕਾਰਨ ਕਈ ਸ਼ਹਿਰ ਬਰਫ ਨਾਲ ਢੱਕੇ ਗਏ ਹਨ। ਖ਼ਤਰਨਾਕ ਬਰਫ਼ੀਲੇ ਤੂਫ਼ਾਨ ਕਾਰਨ ਸੜਕਾਂ ‘ਤੇ ਵਾਹਨ ਚਲਾਉਣ ਵਾਲੇ ਲੋਕ ਆਪਣੀਆਂ ਕਾਰਾਂ ਜਿੱਥੇ ਸਨ ਉੱਥੇ ਹੀ ਛੱਡ ਕੇ ਸੁਰੱਖਿਅਤ ਥਾਂ ਵੱਲ ਭੱਜ ਨਿਕਲੇ ਹਨ। ਕਰੀਬ 172 ਕਿਲੋਮੀਟਰ ਲੰਬਾ ਐਮ62 ਹਾਈਵੇ ਜਾਮ ਹੈ। ਕਈ ਸ਼ਹਿਰਾਂ ਵਿੱਚ ਬਿਜਲੀ ਕੱਟ ਦੀ ਸਮੱਸਿਆ ਵੀ ਦੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਬ੍ਰਿਟੇਨ ਦੇ ਲੋਕਾਂ ਨੂੰ ਇਨ੍ਹਾਂ ਤੂਫਾਨਾਂ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ। ਹੋ ਸਕਦਾ ਹੈ ਕਿ ਐਤਵਾਰ ਨੂੰ ਬਰਫੀਲੇ ਤੂਫਾਨ ਤੋਂ ਕੁੱਝ ਰਾਹਤ ਮਿਲੇ। ਉੱਤਰੀ ਇੰਗਲੈਂਡ, ਮਿਡਲੈਂਡਜ਼, ਉੱਤਰੀ ਵੇਲਜ਼ ਅਤੇ ਉੱਤਰੀ ਆਇਰਲੈਂਡ ਲਈ ਮੌਸਮ ਵਿਭਾਗ ਦੁਆਰਾ ਯੈਲੋ ਲੇਬਲ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਸ਼ਹਿਰਾਂ ਵਿੱਚ ਆਵਾਜਾਈ ਦੇ ਨਾਲ-ਨਾਲ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ।
ਰਿਪੋਰਟ ਮੁਤਾਬਿਕ ਬਰਫੀਲੇ ਤੂਫਾਨ ਕਾਰਨ ਸੜਕ ‘ਤੇ 15 ਇੰਚ ਤੱਕ ਬਰਫ ਜਮ੍ਹਾ ਹੋ ਗਈ ਹੈ। ਅਜਿਹੇ ‘ਚ ਸੜਕਾਂ ‘ਤੇ ਪੈਦਲ ਚੱਲ ਰਹੇ ਲੋਕ ਆਪਣੇ ਵਾਹਨ ਸੜਕ ‘ਤੇ ਹੀ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਹਨ | ਆਮ ਤੌਰ ‘ਤੇ ਅਜਿਹਾ ਉਦੋਂ ਹੁੰਦਾ ਹੈ ਜਦੋਂ ਬਰਤਾਨੀਆ ਦੇ ਕੁੱਝ ਸ਼ਹਿਰਾਂ ਵਿੱਚ ਤਾਪਮਾਨ -16 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। M62 ‘ਤੇ ਸ਼ੁੱਕਰਵਾਰ ਦੁਪਹਿਰ ਨੂੰ ਭਾਰੀ ਜਾਮ ਲੱਗ ਗਿਆ ਸੀ, ਜਿਸ ਨਾਲ ਸੈਂਕੜੇ ਕਾਰਾਂ ਫਸ ਗਈਆਂ। ਬਰਫਬਾਰੀ ਦੌਰਾਨ ਕਾਰਾਂ ਨੂੰ ਬਾਹਰ ਕੱਢਣ ਲਈ ਡਰਾਈਵਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਦੇਖਿਆ ਗਿਆ। ਵੀਰਵਾਰ ਸ਼ਾਮ ਨੂੰ ਕਈ ਥਾਵਾਂ ‘ਤੇ ਤੇਜ਼ ਹਵਾਵਾਂ ਵੀ ਚੱਲੀਆਂ। ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ।
ਬ੍ਰਿਟੇਨ ਦੇ ਮੌਸਮ ਵਿਭਾਗ ਮੁਤਾਬਿਕ ਅੱਜ ਰਾਤ ਦਾ ਤਾਪਮਾਨ ਬੁੱਧਵਾਰ ਵਰਗਾ ਰਹਿਣ ਵਾਲਾ ਹੈ, ਜੋ ਦੇਸ਼ ‘ਚ ਸਾਲ ਦੀ ਸਭ ਤੋਂ ਠੰਡੀ ਰਾਤ ਸੀ। ਵੀਰਵਾਰ ਦੀ ਰਾਤ ਵੀ ਕਾਫੀ ਠੰਡੀ ਰਾਤ ਰਹੀ ਪਰ ਤਾਪਮਾਨ ਬੁੱਧਵਾਰ ਦੇ ਮੁਕਾਬਲੇ ਥੋੜ੍ਹਾ ਵੱਧ ਸੀ। ਮੌਸਮ ਵਿਭਾਗ ਮੁਤਾਬਿਕ ਉੱਚੇ ਇਲਾਕਿਆਂ ‘ਚ -17 ਡਿਗਰੀ ਸੈਲਸੀਅਸ ਤੱਕ ਦਾ ਤਾਪਮਾਨ ਦੇਖਿਆ ਜਾ ਸਕਦਾ ਹੈ। ਇਸ ਸਾਲ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ -16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।