ਅਮਰੀਕਾ ਦੀ ਇੱਕ ਫਲਾਈਟ ‘ਚ ਸੱਪ ਮਿਲਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਹਫੜਾ ਦਫੜੀ ਵੀ ਮੱਚੀ ਹੈ। ਮਾਮਲਾ ਸੋਮਵਾਰ ਦਾ ਹੈ ਜਦੋ ਫਲੋਰੀਡਾ ਦੇ ਟੈਂਪਾ ਸ਼ਹਿਰ ਤੋਂ ਨਿਊਜਰਸੀ ਜਾ ਰਹੇ ਜਹਾਜ਼ ‘ਚ ਸੱਪ ਦੇਖਿਆ ਗਿਆ। ਜਾਣਕਾਰੀ ਮੁਤਬਿਕ ਬਿਜ਼ਨੈੱਸ ਕਲਾਸ ‘ਚ ਮੌਜੂਦ ਯਾਤਰੀਆਂ ਨੇ ਸੱਪ ਨੂੰ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਸੱਪ ਬਾਰੇ ਸੂਚਨਾ ਮਿਲਣ ਤੋਂ ਬਾਅਦ ਜੰਗਲੀ ਜੀਵ ਵਿਭਾਗ ਅਤੇ ਪੁਲਿਸ ਨੇ ਨੇਵਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸੱਪ ਨੂੰ ਫੜ ਕੇ ਜੰਗਲ ‘ਚ ਛੱਡ ਦਿੱਤਾ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਿਊਯਾਰਕ ਅਤੇ ਨਿਊਜਰਸੀ ਦੀ ਪੋਰਟ ਅਥਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਵਾਈ ਅੱਡੇ ਦੇ ਜੰਗਲੀ ਜੀਵ ਸੰਚਾਲਨ ਸਟਾਫ ਅਤੇ ਪੋਰਟ ਅਥਾਰਟੀ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਗਾਰਟਰ ਸੱਪ ਨੂੰ ਬਾਹਰ ਕੱਢਿਆ ਅਤੇ ਬਾਅਦ ਵਿੱਚ ਇਸਨੂੰ ਜੰਗਲ ਵਿੱਚ ਛੱਡ ਦਿੱਤਾ। ਰਾਹਤ ਵਾਲੀ ਗੱਲ ਹੈ ਕਿ ਇਸ ਦੌਰਾਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਵਾਸ਼ਿੰਗਟਨ ਟਾਈਮਜ਼ ਦੀ ਰਿਪੋਰਟ ਮੁਤਾਬਿਕ ਯਾਤਰੀਆਂ ਨੇ ਫਲਾਈਟ ਦੀ ਲੈਂਡਿੰਗ ਤੋਂ ਬਾਅਦ ਇਸ ਸੱਪ ਨੂੰ ਦੇਖਿਆ ਸੀ। ਸੱਪ ਨੂੰ ਦੇਖ ਕੇ ਫਲਾਈਟ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਯਾਤਰੀਆਂ ਨੇ ਫਲਾਈਟ ‘ਚ ਸੱਪ ਦੀ ਮੌਜੂਦਗੀ ਦੀ ਜਾਣਕਾਰੀ ਏਅਰਕ੍ਰਾਫਟ ਸਟਾਫ ਨੂੰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਉੱਚ ਅਧਿਕਾਰੀਆਂ ਨੂੰ ਬੁਲਾਇਆ ਅਤੇ ਸੱਪ ਨੂੰ ਜਹਾਜ਼ ‘ਚੋਂ ਬਾਹਰ ਕੱਢਿਆ। ਸੱਪ ਨੂੰ ਫੜਨ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਉਨ੍ਹਾਂ ਦੇ ਸਮਾਨ ਸਮੇਤ ਫਲਾਈਟ ਤੋਂ ਬਾਹਰ ਕੱਢਿਆ ਗਿਆ ਅਤੇ ਫਿਰ ਪੂਰੀ ਫਲਾਈਟ ਦੀ ਤਲਾਸ਼ੀ ਲਈ ਗਈ। ਹਾਲਾਂਕਿ ਫਲਾਈਟ ‘ਚ ਸੱਪ ਕਿੱਥੋਂ ਆਇਆ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।