ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਵੀ ਆਗਾਮੀ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਤੱਕ ਪ੍ਰਸਤਾਵਿਤ ਰੋਜ਼ਾਨਾ ਟਰੈਕਟਰ ਮਾਰਚ ਨੂੰ ਅਜੇ ਤੱਕ ਕਿਸਾਨਾਂ ਨੇ ਰੱਦ ਨਹੀਂ ਕੀਤਾ ਹੈ ਅਤੇ ਇਸ ਸਬੰਧੀ ਅੰਤਿਮ ਫੈਸਲਾ ਅਤੇ ਕਿਸਾਨ ਅੰਦੋਲਨ ਦੀ ਭਵਿੱਖੀ ਦਿਸ਼ਾ ‘ਤੇ ਐਤਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਵਿਚਾਰ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਕਿਸਾਨਾਂ ਦੀਆਂ ਜਥੇਬੰਦੀਆਂ ਦੀ ਇੱਕ ਯੂਨੀਅਨ, ਸੰਯੁਕਤ ਕਿਸਾਨ ਮੋਰਚਾ ਨੇ ਕੁੱਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਧਰਨੇ ਦੇ ਇੱਕ ਸਾਲ ਪੂਰੇ ਹੋਣ ਮੌਕੇ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਸੈਸ਼ਨ ਦੌਰਾਨ 500 ਕਿਸਾਨ ਸੰਸਦ ਤੱਕ ਸ਼ਾਂਤਮਈ ਟਰੈਕਟਰ ਮਾਰਚ ਵਿੱਚ ਹਿੱਸਾ ਲੈਣਗੇ।
ਕਿਸਾਨ ਆਗੂ ਅਤੇ ਐਸਕੇਐਮ ਦੀ ਕੋਰ ਕਮੇਟੀ ਦੇ ਮੈਂਬਰ ਦਰਸ਼ਨ ਪਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਰਲੀਮੈਂਟ ਤੱਕ ਟਰੈਕਟਰ ਮਾਰਚ ਦਾ ਸਾਡਾ ਸੱਦਾ ਅਜੇ ਵੀ ਬਰਕਰਾਰ ਹੈ। ਅੰਦੋਲਨ ਦੀ ਭਵਿੱਖੀ ਰੂਪਰੇਖਾ ਅਤੇ ਐਮਐਸਪੀ ਦੇ ਮੁੱਦਿਆਂ ਬਾਰੇ ਅੰਤਿਮ ਫੈਸਲਾ ਐਤਵਾਰ ਨੂੰ ਸਿੰਘੂ ਸਰਹੱਦ ਵਿਖੇ ਐਸਕੇਐਮ ਦੀ ਮੀਟਿੰਗ ਵਿੱਚ ਲਿਆ ਜਾਵੇਗਾ। ਕਿਸਾਨ ਆਗੂ ਦਰਸ਼ਨ ਪਾਲ ਸਿੰਘ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 22, 26 ਅਤੇ 29 ਨਵੰਬਰ ਨੂੰ ਹੋਣ ਵਾਲੇ ਸਾਡੇ ਪ੍ਰੋਗਰਾਮ ਜਾਰੀ ਰਹਿਣਗੇ। 22 ਨੂੰ ਲਖਨਊ ਮਹਾਂਪੰਚਾਇਤ , 26 ਨੂੰ ਦੇਸ਼ ਭਰ ਵਿੱਚ ਕਿਸਾਨ ਅੰਦੋਲਨ ਦੇ ਇੱਕ ਸਾਲ ਦਾ ਜਸ਼ਨ ਅਤੇ 29 ਨੂੰ ਟਰੈਕਟਰ ਮਾਰਚ (ਸੰਸਦ ਤੱਕ)।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨ ਵਾਪਿਸ ਲੈ ਲਵੇਗੀ। SKM ਨੇ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਪਰ ਕਿਹਾ ਕਿ ਉਹ ਸੰਸਦੀ ਪ੍ਰਕਿਰਿਆਵਾਂ ਰਾਹੀਂ ਐਲਾਨ ਦੇ ਲਾਗੂ ਹੋਣ ਦੀ ਉਡੀਕ ਕਰਨਗੇ। ਇਸ ਦੇ ਨਾਲ ਹੀ ਇਹ ਵੀ ਸੰਕੇਤ ਦਿੱਤਾ ਕਿ ਅੰਦੋਲਨ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਸੰਵਿਧਾਨਕ ਗਾਰੰਟੀ ਅਤੇ ਬਿਜਲੀ ਸੋਧ ਬਿੱਲ ਨੂੰ ਵਾਪਿਸ ਲੈਣ ਦੀ ਮੰਗ ਨੂੰ ਲੈ ਕੇ ਜਾਰੀ ਰਹੇਗਾ।