ਨਿਊਜ਼ੀਲੈਂਡ ਪੁਲਿਸ ਲਗਾਤਾਰ ਅਪਰਾਧੀਆਂ ਉੱਪਰ ਸ਼ਿਕੰਜਾ ਕੱਸ ਰਹੀ ਹੈ। ਜਿੱਥੇ ਆਏ ਦਿਨ ਵਾਰਦਾਤਾਂ ਹੋ ਰਹੀਆਂ ਨੇ ਉੱਥੇ ਹੀ ਪੁਲਿਸ ਵੱਲੋਂ ਅਪਰਾਧੀ ਵੀ ਫੜੇ ਜਾ ਰਹੇ ਨੇ। ਤਾਜ਼ਾ ਮਾਮਲਾ ਹੈਮਿਲਟਨ ਤੋਂ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਾਲੇ ਛੇ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਹੈ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੁਲਿਸ ਨੇ ਫੇਅਰਵਿਊ ਡਾਊਨਜ਼, ਹੈਮਿਲਟਨ ਵਿੱਚ ਪੌਵੇਲਜ਼ ਆਰਡੀ ‘ਤੇ ਸਵੇਰੇ 3 ਵਜੇ ਦੇ ਕਰੀਬ ਇੱਕ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਵਾਈਕਾਟੋ ਪੁਲਿਸ ਡਿਊਟੀ ਇੰਸਪੈਕਟਰ ਹਾਈਵੇਲ ਜੋਨਸ ਨੇ ਦੱਸਿਆ ਕਿ ਵਾਹਨ ਰੁਕਣ ਵਿੱਚ ਅਸਫਲ ਰਿਹਾ ਅਤੇ ਉਨ੍ਹਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਥੋੜ੍ਹੀ ਦੇਰ ਬਾਅਦ ਭੱਜਣ ਵਾਲਾ ਵਾਹਨ ਰੂਕੁਰਾ ਵਿੱਚ ਟਰਾਮਵੇਅ ਰੋਡ ‘ਤੇ ਇੱਕ ਪਾਰਕ ਕੀਤੀ ਗੱਡੀ ਨਾਲ ਟਕਰਾ ਗਿਆ ਅਤੇ ਗੱਡੀ ਨੂੰ ਅੱਗ ਲੱਗ ਗਈ। ਕਾਰ ਸਵਾਰ ਛੇ ਯਾਤਰੀ ਪੈਦਲ ਭੱਜ ਗਏ ਅਤੇ ਥੋੜ੍ਹੀ ਦੇਰ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਲੱਭ ਲਿਆ ਸੀ। ਉਨ੍ਹਾਂ ਵਿੱਚੋਂ ਚਾਰ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ ਸੀ ਜਿਨ੍ਹਾਂ ਦਾ ਇਲਾਜ਼ ਕਰਵਾਇਆ ਗਿਆ ਸੀ। ਜੋਨਸ ਨੇ ਕਿਹਾ ਕਿ ਕੋਈ ਵੀ ਸੱਟ ਜਾਨਲੇਵਾ ਨਹੀਂ ਹੈ ਅਤੇ ਰਾਹਤ ਵਾਲੀ ਗੱਲ ਹੈ ਕਿ ਕੋਈ ਆਮ ਨਾਗਰਿਕ ਜ਼ਖਮੀ ਨਹੀਂ ਹੋਇਆ। ਗੰਭੀਰ ਕਰੈਸ਼ ਯੂਨਿਟ ਜਾਂਚ ਕਰ ਰਹੀ ਹੈ ਅਤੇ ਪੁੱਛਗਿੱਛ ਜਾਰੀ ਹੈ।