ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਕਿਤੇ ਮਨੁੱਖਤਾ ਉੱਤੇ ਕੋਈ ਮੁਸੀਬਤ ਆਈ ਹੈ, ਤਾਂ ਸਿੱਖ ਕੌਮ ਨੇ ਹਮੇਸ਼ਾ ਅੱਗੇ ਵੱਧ ਕਿ ਰਾਹਤ ਕਾਰਜਾਂ ਵਿੱਚ ਆਪਣੀ ਗਿਣਤੀ ਅਤੇ ਅਨੁਪਾਤ ਤੋਂ ਵੱਧ ਕਰ ਕੇ ਯੋਗਦਾਨ ਪਾਇਆ ਹੈ। ਇਸੇ ਤਰਾਂ ਪਿਛਲੇ ਸਾਲ ਆਈ ਕੋਰੋਨਾ ਮਹਾਂਮਾਰੀ ਦੌਰਾਨ ਵੀ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਨੇ ਆਪਣੀ ਸਮਰੱਥਾ ਅਨੁਸਾਰ ਹਰ ਵਰਗ ਦੀ ਸਹਾਇਤਾ ਕੀਤੀ ਹੈ। ਮਹਾਮਾਰੀ ਦੌਰਾਨ ਸਿੱਖਾਂ ਵੱਲੋ ਕੀਤੀ ਗਈ ਸੇਵਾ ਦੀ ਹਰ ਦੇਸ਼ ਦੇ ਨੁਮਾਇੰਦਿਆਂ ਨੇ ਸ਼ਲਾਘਾ ਕੀਤੀ ਹੈ। ਇਸ ਵਿਚਕਾਰ ਹੁਣ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਅਤੇ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਇੱਕ ਖਬਰ ਸਿੰਗਾਪੁਰ ਤੋਂ ਆਈ ਹੈ। ਜਿੱਥੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ (Lee Hsien Loong) ਨੇ ਸਥਾਨਕ ਸਿੱਖ ਭਾਈਚਾਰੇ ਦੀ ਕੋਵਿਡ-19 ਮਹਾਮਾਰੀ ਦੇ ਦੌਰਾਨ ਨਸਲ, ਧਰਮ ਅਤੇ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਸਹਾਇਤਾ ਲਈ ਵੱਖ-ਵੱਖ ਪ੍ਰੋਗਰਾਮ ਚਲਾਉਣ ਲਈ ਸ਼ਲਾਘਾ ਕੀਤੀ ਹੈ।
ਦਰਅਸਲ, ਇਸ ਦੌਰਾਨ ਪ੍ਰਧਾਨ ਮੰਤਰੀ ਲੀ ਚਿੱਟੇ ਰੰਗ ਦੀ ਪੱਗ ਬੰਨ੍ਹ ਕੇ ਸਿਲਟ ਰੋਡ ਸਥਿਤ ਗੁਰਦੁਆਰੇ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਿਲ ਹੋਏ ਅਤੇ ਭਾਈਚਾਰੇ ਦੇ ਮੈਂਬਰਾਂ ਦਾ ‘ਸਤਿ ਸ੍ਰੀ ਅਕਾਲ’ ਕਹਿ ਕੇ ਧੰਨਵਾਦ ਕੀਤਾ। ਇਸ ਗੁਰਦੁਆਰੇ ਦਾ ਨਵੀਨੀਕਰਨ ਮਹਾਂਮਾਰੀ ਦੌਰਾਨ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸਿਲਟ ਰੋਡ ਗੁਰਦੁਅਰਾ ਅਤੇ ਹੋਰ ਗੁਰਦੁਆਰਿਆਂ ਸਮੇਤ ਪੂਜਾ ਸਥਾਨ ਮਹਾਂਮਾਰੀ ਕਾਰਨ ਪ੍ਰਭਾਵਿਤ ਹੋਏ ਹਨ । ਉਨ੍ਹਾਂ ਅੱਗੇ ਕਿਹਾ ਕਿ ਇਹ ਸ਼ਰਧਾਲੂਆਂ ਲਈ ਮੁਸ਼ਕਿਲ ਸਮਾਂ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰਦੁਆਰੇ ਸਮੇਤ ਹੋਰ ਧਾਰਮਿਕ ਸਥਾਨਾਂ ਨੇ ਕੋਵਿਡ-19 ਮਹਾਂਮਾਰੀ ਪ੍ਰਬੰਧਨ ਦੇ ਕਈ ਉਪਾਅ ਕੀਤੇ, ਜਿਨ੍ਹਾਂ ਵਿੱਚ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼ਾਮਿਲ ਹੈ ਤਾਂ ਜੋ ਸ਼ਰਧਾਲੂ ਘਰ ਬੈਠੇ ਹੀ ਇਸ ਸਮਾਗਮ ਦਾ ਹਿੱਸਾ ਬਣ ਸਕਣ ।
ਇਸ ਤੋਂ ਇਲਾਵਾ ਲੀ ਨੇ ਕਿਹਾ, ‘ਮੈਂ ਇਸ ਤੋਂ ਜ਼ਿਆਦਾ ਇਸ ਗੱਲ ਤੋਂ ਉਤਸ਼ਾਹਿਤ ਹਾਂ ਕਿ ਗੁਰਦੁਆਰਾ ਅਤੇ ਸਿੱਖ ਭਾਈਚਾਰਾ ਇਸ ਮੁਸ਼ਕਿਲ ਸਮੇਂ ਵਿੱਚ ਮਦਦ ਨੂੰ ਅੱਗੇ ਆਇਆ । ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਇਸ ਮੁਸ਼ਕਿਲ ਸਮੇਂ ਵਿੱਚ ਨੇਕ ਕੰਮ ਕੀਤੇ, ਰਾਸ਼ਨ ਵੰਡਿਆ ਅਤੇ ਹੋਰ ਸਹਾਇਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ । ਦੱਸ ਦੇਈਏ ਕਿ ਇਸ ਉਦਘਾਟਨ ਸਮਾਰੋਹ ਤੋਂ ਬਾਅਦ ਲੀ ਨੇ ਆਪਣੀ ਫੇਸਬੁੱਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਸਾਡੇ ਗੁਰਦੁਆਰੇ ਅਤੇ ਸਿੱਖ ਭਾਈਚਾਰੇ ਨੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ, ਜਿਨ੍ਹਾਂ ਨੂੰ ਮੁਸ਼ਕਿਲ ਸਮੇਂ ਵਿੱਚ ਇਸ ਦੀ ਜ਼ਰੂਰਤ ਸੀ, ਉਹ ਵੀ ਬਿਨ੍ਹਾਂ ਕਿਸੇ ਨਸਲ, ਧਰਮ ਅਤੇ ਪਿਛੋਕੜ ਨੂੰ ਦੇਖੇ । ਇਨ੍ਹਾਂ ਪਹਿਲਕਦਮੀਆਂ ਨੇ ਵਿਆਪਕ ਭਾਈਚਾਰੇ ਲਈ ਚੰਗੀ ਮਿਸਾਲ ਕਾਇਮ ਕੀਤੀ, ਕਿਉਂਕਿ ਅਸੀਂ ਵਾਇਰਸ ਨਾਲ ਰਹਿਣ ਦੀ ਨਵੀਂ ਆਮ ਸਥਿਤੀ ਵੱਲ ਵੱਧ ਰਹੇ ਹਾਂ। ਸਿਲਟ ਰੋਡ ਗੁਰਦੁਆਰਾ ਨਾ ਸਿਰਫ਼ ਇਕ ਪਵਿੱਤਰ ਅਸਥਾਨ ਹੈ, ਬਲਕਿ ਸਿੰਗਾਪੁਰ ਦੀ ਬਹੁ-ਧਾਰਮਿਕ ਅਤੇ ਬਹੁ-ਨਸਲੀ ਝਲਕ ਦਾ ਇੱਕ ਚਮਕਦਾ ਪ੍ਰਤੀਕ ਹੈ। ’’