ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਬਲਾਤਕਾਰ ਦੇ ਕੇਸ ਸਮੇਤ 16 ਹੋਰ ਮਾਮਲਿਆਂ ਵਿੱਚ ਜ਼ਮਾਨਤ ਮਿਲ ਗਈ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ ਪੋਸਟਾਂ ਪਾ ਕੇ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਦਾਅਵਾ ਕੀਤਾ ਹੈ ਕਿ ਭਲਕੇ 10 ਫਰਵਰੀ ਨੂੰ ਸਵੇਰੇ 12 ਵਜੇ ਬੈਂਸ ਬਰਨਾਲਾ ਜੇਲ੍ਹ ‘ਚੋਂ ਬਾਹਰ ਆ ਜਾਣਗੇ। ਬੈਂਸ ਦੇ ਸਵਾਗਤ ਲਈ ਉਨ੍ਹਾਂ ਸਮਰਥਕਾਂ ਨੂੰ ਸਵਾਗਤ ਕਾਫ਼ਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਬੈਂਸ ਨੇ ਇਸ ਤੋਂ ਪਹਿਲਾਂ ਸੈਸ਼ਨ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿੱਥੇ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਬੈਂਸ ਨੂੰ ਇੱਥੋਂ ਰਾਹਤ ਮਿਲੀ ਹੈ। ਲੁਧਿਆਣਾ ਜੇਲ੍ਹ ਵਿੱਚ ਬੈਂਸ ਨੂੰ ਖ਼ਤਰਾ ਹੋਣ ਕਾਰਨ ਉਨ੍ਹਾਂ ਨੂੰ ਬਰਨਾਲਾ ਜੇਲ੍ਹ ਭੇਜ ਦਿੱਤਾ ਗਿਆ ਸੀ।
ਉਨ੍ਹਾਂ ਦੇ ਪੇਜ ‘ਤੇ ਪਾਈ ਗਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ, “ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਲੀਡਰ ਸਰਦਾਰ ਸਿਮਰਜੀਤ ਸਿੰਘ ਬੈਂਸ ਵਿਰੋਧੀ ਪਾਰਟੀਆਂ ਦੀਆਂ ਤਮਾਮ ਸਾਜਿਸ਼ਾਂ ਨੂੰ ਹਰਾ ਕੇ ਅਤੇ ਝੂਠੇ ਅਤੇ ਬੇਬੁਨਿਆਦ ਮੁਕਦਮਿਆਂ ਵਿਚੋਂ ਰਿਹਾ ਹੋਕੇ ਵਾਪਿਸ ਆ ਰਹੇ ਹਨ। ਆਓ ਸਾਰੇ ਸ਼ੁਕਰਵਾਰ 10 ਫਰਵਰੀ ਸਵੇਰੇ 12 ਵਜੇ ਬਰਨਾਲਾ ਜੇਲ੍ਹ ਵਿੱਚੋ ਰਿਹਾਈ ਤੇ ਕਾਫਲੇ ਵਿੱਚ ਪਹੁੰਚ ਕੇ ਇਸ ਫ਼ਤਹਿ ਦਾ ਮਾਣ ਵਧਾਈਏ, ਲੋਕ ਇਨਸਾਫ ਪਾਰਟੀ”