ਪਾਕਿਸਤਾਨ ਵਿੱਚ, ਜਿੱਥੇ ਸਿੰਧ, ਪੰਜਾਬ ਅਤੇ ਬਲੋਚਿਸਤਾਨ ਵਿੱਚ ਹੜ੍ਹਾਂ ਕਾਰਨ ਜ਼ਮੀਨ ਤੱਕ ਵੀ ਦਿਖਾਈ ਨਹੀਂ ਦੇ ਰਹੀ ਉੱਥੇ ਹੀ ਹਜ਼ਾਰਾਂ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਜਦਕਿ ਅੰਦਾਜ਼ਨ 30 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਹੜ੍ਹ ਤੋਂ ਬਾਅਦ ਜਮ੍ਹਾਂ ਹੋਏ ਪਾਣੀ ਕਾਰਨ ਗੰਭੀਰ ਬਿਮਾਰੀਆਂ ਦਾ ਵੀ ਖਤਰਾ ਬਣਿਆ ਹੋਇਆ ਹੈ। ਅਜਿਹੇ ‘ਚ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਅੱਗੇ ਆਉਣ ਵਾਲੀ ਸਿੱਖ ਕੌਮ ਨੇ ਇੱਕ ਵਾਰ ਫਿਰ ਤੋਂ ਆਪਣਾ ਫਰਜ਼ ਨਿਭਾਇਆ ਹੈ। ਦਰਅਸਲ ਨਿਊਜੀਲੈਂਡ ਦੇ ਸਿੱਖ ਭਾਈਚਾਰੇ ਨੇ ਪੀੜਤਾਂ ਦੀ ਮਦਦ ਲਈ ਪਾਕਿਸਤਾਨ ਐਸੋਸੀਏਸ਼ਨ ਆਫ ਨਿਊਜੀਲੈਂਡ ਦੇ ਯਤਨਾਂ ਵਿੱਚ ਵੱਡਾ ਹਿੱਸਾ ਪਾਉਂਦਿਆ ਇੱਕ ਕਰੋੜ ਪਾਕਿਸਤਾਨੀ ਰੁਪਈਏ ਦੀ ਮੱਦਦ ਕੀਤੀ ਹੈ ।
ਦੱਸ ਦੇਈਏ ਪਿਛਲੇ ਦਿਨੀਂ ਦਲਜੀਤ ਸਿੰਘ, ਪਿਰਥੀਪਾਲ ਸਿੰਘ, ਨਵਤੇਜ ਰੰਧਾਵਾ, ਮਨਜੀਤ ਸਿੰਘ ਬਾਠ, ਰਣਬੀਰ ਸਿੰਘ ਲਾਲੀ, ਮਨਜਿੰਦਰ ਸਿੰਘ ਬਾਸੀ, ਬੇਅੰਤ ਸਿੰਘ ਜਡੌਰ, ਦਾਰਾ ਸਿੰਘ ਰਣੀਆ, ਅਜੀਤ ਸਿੰਘ ਰੰਧਾਵਾ, ਸਤਨਾਮ ਸਿੰਘ ਸੰਘਾ, ਤਾਰਾ ਸਿੰਘ ਬੈਂਸ ਅਤੇ ਰੇਡੀਓ ਸਾਡੇ ਆਲਾ ਨੇ ਵੱਖ ਵੱਖ ਗੁਰੂ ਘਰਾਂ, ਸੰਸਥਾਵਾਂ ਦੇ ਸਹਿਯੋਗ ਨਾਲ ਹੜ ਪੀੜਤਾਂ ਲਈ ਪੈਸੇ ਇਕੱਠੇ ਕੀਤੇ ਸੀ। ਜੋ ਡਾਲਰਾਂ ਦੇ ਵਿੱਚ ਕੁੱਲ 84 ਹਜਾਰ ਬਣਦੀ ਹੈ ਜਦਕਿ ਪਾਕਿਸਤਾਨੀ ਕਰੰਸੀ ਦੇ ਅਨੁਸਾਰ ਤਕਰੀਬਨ ਇੱਕ ਕਰੋੜ ਰੁਪਈਆ ਬਣਦੀ ਹੈ। ਭਾਈਚਾਰੇ ਦੇ ਸਹਿਯੋਗ ਨਾਲ ਇਕੱਠੇ ਕੀਤੇ ਗਏ ਪੈਸਿਆਂ ਨੂੰ ਵੀਰਵਾਰ ਨੂੰ ਪਾਕਿਸਤਾਨ ਐਸੋਸੀਏਸ਼ਨ ਆਫ ਨਿਊਜੀਲੈਂਡ ਦੇ ਪ੍ਰਧਾਨ ਨਦੀਮ ਹਾਮਿਦ ਤੇ ਐਡਵੋਕੇਟ ਹਸੀਬ ਚੌਧਰੀ ਦੇ ਨਾਲ ਆਈ ਟੀਮ ਨੂੰ ਸੌਂਪ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸਿੱਖੀ ਸੰਕਲਪ ਦੀਨ ਦੁਖੀ ਦੀ ਸੇਵਾ ਜਿੱਥੇ ਇਸ ਯਤਨ ਦਾ ਮੂਲ ਸਿਧਾਂਤ ਸੀ । ਉੱਥੇ ਹੀ ਵੰਡੇ ਪੰਜਾਬ ਦੇ ਇੱਕ ਪਾਸੇ ਦੇ ਭਰਾਵਾਂ ਦੀ ਦੂਸਰੇ ਪਾਸੇ ਦੇ ਭਰਾਵਾਂ ਨਾਲ ਲੋੜ ਵੇਲੇ ਖੜਨ ਦੀ ਇਤਿਹਾਸਕ ਪਰੰਪਰਾ ਦਾ ਹਿੱਸਾ ਵੀ ਹੈ ।