ਨਵਜੋਤ ਸਿੱਧੂ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਬੀਤੇ ਦਿਨ ਪੰਜਾਬ ਵਿੱਚ ਇੱਕ ਵਾਰ ਫਿਰ ਸਿਆਸੀ ਭੂਚਾਲ ਆ ਗਿਆ ਹੈ। ਨਵਜੋਤ ਸਿੰਘ ਸਿੱਧੂ ਨੇ ਅਚਾਨਕ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕੱਲ੍ਹ ਤੱਕ ਸਿੱਧੂ 2022 ਵਿੱਚ ਪੰਜਾਬ ਵਿੱਚ ਸੱਤਾ ਹਾਸਿਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਪਰ ਅਚਾਨਕ ਹੀ ਸਿੱਧੂ ਨੇ ਕੁਰਸੀ ਛੱਡ ਦਿੱਤੀ, ਜਿਸ ਨੇ ਸ਼ ਨੂੰ ਹੈਰਾਨ ਕਰ ਦਿੱਤਾ। ਉੱਥੇ ਹੀ ਹੁਣ ਦਿਲਚਸਪ ਗੱਲ ਇਹ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ 2 ਦਿਨਾਂ ਦੇ ਪੰਜਾਬ ਦੌਰੇ ‘ਤੇ ਆ ਰਹੇ ਹਨ। ਕੇਜਰੀਵਾਲ ਅੱਜ ਲੁਧਿਆਣਾ ਪਹੁੰਚਣਗੇ।
ਇਸੇ ਲਈ ਹੁਣ ਕਿਆਸ ਲਗਾਏ ਜਾ ਰਹੇ ਹਨ, ਕਿ ਪਿਛਲੀ ਵਾਰ ਵਾਂਗ ਕੀ ਕੇਜਰੀਵਾਲ ਅੱਜ ਵੀ ਕੋਈ ਵੱਡਾ ਸਿਆਸੀ ਧਮਾਕਾ ਕਰਨ ਜਾ ਰਹੇ ਹਨ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਦੌਰੇ ਦੌਰਾਨ ਕੇਜਰੀਵਾਲ ਵੱਲੋਂ ਦੂਜੀ ਗਰੰਟੀ ਦਾ ਐਲਾਨ ਕੀਤਾ ਜਾਵੇਗਾ। ਇਸ ਸਬੰਧੀ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਭਗਵੰਤ ਮਾਨ ਨੇ ਟਵੀਟ ਕਰਦਿਆਂ ਦੱਸਿਆ ਕਿ ਕੇਜਰੀਵਾਲ 29 ਸਤੰਬਰ ਨੂੰ ਦੋ ਦਿਨਾਂ ਦੌਰੇ ਲਈ ਲੁਧਿਆਣਾ ਆ ਰਹੇ ਹਨ। ਦੌਰੇ ਦੇ ਪਹਿਲੇ ਦਿਨ ਯਾਨੀ ਕਿ 29 ਸਤੰਬਰ ਨੂੰ ਕੇਜਰੀਵਾਲ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਖੁੱਲ ਕੇ ਵਿਚਾਰ-ਵਟਾਂਦਰਾ ਕਰਨਗੇ।
ਇਸ ਤੋਂ ਅੱਗੇ ਉਨ੍ਹਾਂ ਨੇ ਦੱਸਿਆ ਕਿ 30 ਸਤੰਬਰ ਨੂੰ ਯਾਨੀ ਕਿ ਦੌਰੇ ਦੇ ਦੂਜੇ ਦਿਨ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਵਿਕਾਸ ਸਬੰਧੀ ਦੂਜੀ ਗਰੰਟੀ ਦਾ ਐਲਾਨ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 26 ਸਤੰਬਰ ਨੂੰ ਕੇਜਰੀਵਾਲ ਨੇ ਪੰਜਾਬ ਦੌਰੇ ‘ਤੇ ਆਉਣਾ ਸੀ, ਪਰ ਸਿਆਸੀ ਮਾਹੌਲ ਕਾਰਨ ਉਨ੍ਹਾਂ ਵੱਲੋਂ ਇਸ ਦੌਰੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਪੰਜਾਬ ਦੌਰੇ ਦੌਰਾਨ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ।
ਉੱਥੇ ਹੀ ਹੁਣ ਕਾਂਗਰਸ ‘ਚ ਸ਼ੁਰੂ ਹੋਇਆ ਕਲੇਸ਼ ਕਿੱਥੇ ਜਾਂ ਕੇ ਰੁਕਦਾ ਹੈ ਇਸ ‘ਤੇ ਸਭ ਦੀਆਂ ਨਜਰਾਂ ਟਿਕੀਆਂ ਹੋਈਆ ਹਨ।