ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰਾ ਜਬਰਦਸਤ ਚੋਣ ਮੁਕਬਾਲੇ ਵਿੱਚ ਵੱਡੇ-ਵੱਡੇ ਲੀਡਰਾਂ ਦਾ ਸਿਆਸੀ ਕੈਰੀਅਰ ਦਾਅ ਉੱਤੇ ਲੱਗਿਆ ਹੋਇਆ ਹੈ। ਹਾਲਤ ਇਹ ਹੈ ਕਿ ਇੰਨ੍ਹਾਂ ਆਗੂਆਂ ਦੇ ਪਰਿਵਾਰ ਦੇ ਨਾਲ ਪੁੱਤ-ਧੀ ਵੀ ਚੋਣ ਮੈਦਾਨ ਵਿੱਚ ਕੁੱਦ ਪਏ ਹਨ। ਇੰਨ ਹੀ ਨਹੀਂ ਵਿਰੋਧੀਆਂ ਨੂੰ ਕਰੜੇ ਹੱਥੀ ਵੀ ਲੈ ਰਹੇ ਹਨ। ਇਸੇ ਵਿਚਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਅਪਣੇ ਪਿਤਾ ਲਈ ਡੋਰ-ਟੂ-ਡੋਰ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਬੀਆ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਹਾਲਤ ਬਹੁਤ ਖ਼ਰਾਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇੱਕੋ ਇਨਸਾਨ ਬਚਾ ਸਕਦਾ ਹੈ, ਉਹ ਹੈ ਨਵਜੋਤ ਸਿੱਧੂ।
ਰਾਬੀਆ ਸਿੱਧੂ ਨੇ ਕਿਹਾ ਕਿ ਜੋ ਇਨਸਾਨ ਕਾਫੀ ਸਮੇਂ ਤੋਂ ਪੰਜਾਬ ਲਈ ਇੱਕ ਮਾਡਲ ਤਿਆਰ ਕਰ ਰਿਹਾ ਹੈ, ਉਸ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਜਿੱਤ ਸੱਚਾਈ ਦੀ ਹੀ ਹੋਵੇਗੀ। ਉਨ੍ਹਾਂ ਅੰਦਰ ਪੰਜਾਬ ਵੱਸਦਾ ਹੈ ਪਰ ਡਰੱਗ ਮਾਫੀਆ ਉਨ੍ਹਾਂ ਨੂੰ ਹਟਾਉਣ ਵਿਚ ਲੱਗਿਆ ਹੈ ਕਿਉਂਕਿ ਜੇ ਸਿੱਧੂ ਆ ਗਿਆ ਤਾਂ ਡਰੱਗ ਮਾਫੀਆ ਦਾ ਕੱਖ ਨਹੀਂ ਰਹਿਣਾ। ਰਾਬੀਆ ਸਿੱਧੂ ਨੇ ਕਿਹਾ ਕਿ ਮਾਫੀਆ ਇਮਾਨਦਾਰ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦਾ। ਰਾਬੀਆ ਸਿੱਧੂ ਨੇ ਇਲਜ਼ਾਮ ਲਾਇਆ ਹੈ ਕਿ ‘ਮਜੀਠਾ ਦੀ ਹਰ ਇੱਕ ਕਰਿਆਨਾ ਦੁਕਾਨ ਤੋਂ ਚਿੱਟਾ ਬੜੀ ਆਸਾਨੀ ਨਾਲ ਮਿਲ ਸਕਦਾ ਹੈ ਅਤੇ ਬਾਕੀ ਸ਼ਹਿਰਾਂ ਨਾਲੋਂ ਮਜੀਠਾ ਵਿਚ ਵੀਹ ਰੁਪਏ ਸਸਤਾ ਚਿੱਟਾ ਮਿਲ ਜਾਂਦਾ ਹੈ।‘