ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਮਗਰੋਂ ਨਵਜੋਤ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਤੇ ਬੀਤੇ ਦਿਨ ਉਨ੍ਹਾਂ ਨੇ ਆਪ ਪਾਰਟੀ ਨੂੰ ਜਿੱਤ ਦੀ ਵਧਾਈ ਦੇ ਦਿੱਤੀ ਸੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਰ ਜਿੱਤ ਨਾਲ ਕੋਈ ਫਰਕ ਨਹੀਂ ਪੈਂਦਾ, ਮੇਰਾ ਮਕਸਦ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ। ਮੈਂ ਆਪਣੇ ਮਕਸਦ ਤੋਂ ਨਹੀਂ ਡੋਲਾਂਗਾ। ਉਨ੍ਹਾਂ ਕਿਹਾ ਕਿ ਸਿੱਧੂ ਪੰਜਾਬ ਨਾਲ ਖੜ੍ਹਾ ਸੀ ਅਤੇ ਅੱਗੇ ਵੀ ਖੜ੍ਹਾ ਰਹੇਗਾ। ਇਸ ਦੇ ਨਾਲ ਨਵਜੋਤ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਨੇ ਉਨ੍ਹਾਂ ਲਈ ਟੋਏ ਪੁੱਟੇ ਸਨ ਉਹ ਆਪ ਹੀ ਉਸ ਟੋਏ ਵਿਚ ਡਿੱਗ ਗਏ ਹਨ। ਜਿਨ੍ਹਾਂ ਨੇ ਨਵਜੋਤ ਸਿੱਧੂ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ, ਉਹ ਖੁਦ ਹੀ ਨੀਵੇਂ ਹੋ ਗਏ ਹਨ। ਉਨ੍ਹਾਂ ਕਿਹਾ ਕਿ 3-4 ਤਾਂ ਮੁੱਖ ਮੰਤਰੀ ਹੀ ਭੁਗਤ ਗਏ ਹਨ ਤੇ ਇਹ ਉਨ੍ਹਾਂ ਦੇ ਕਰਮਾਂ ਦਾ ਨਤੀਜਾ ਹੈ।
ਸਿੱਧੂ ਨੇ ਕਿਹਾ ਕਿ ਜਿਹੋ-ਜਿਹਾ ਬੀਜ ਬੀਜੋਗੇ ਉਹੋ ਜਿਹਾ ਫਲ ਮਿਲੇਗਾ। ਮੈਂ ਅੱਜ ਵੀ ਆਪਣੇ ਮਕਸਦ ’ਤੇ ਖੜ੍ਹਾ ਹਾਂ। ਪੰਜਾਬ ਦੇ ਲੋਕ ਵਧਾਈ ਦੇ ਪਾਤਰ ਹਨ। ਲੋਕਾਂ ਨੇ ਵਧੀਆ ਫ਼ੈਸਲਾ ਲੈ ਕੇ ਰਿਵਾਇਤੀ ਸਿਸਟਮ ਨੂੰ ਬਦਲ ਕੇ ਨਵੀਂ ਨੀਂਹ ਰੱਖੀ ਹੈ। ਲੋਕ ਕਦੇ ਗ਼ਲਤ ਨਹੀਂ ਹੁੰਦੇ, ਲੋਕਾਂ ਦੀ ਆਵਾਜ਼ ਵਿਚ ਪ੍ਰਮਾਤਮਾ ਦੀ ਆਵਾਜ਼ ਹੈ। ਕਾਂਗਰਸ ਵਿਚ ਮੈਂ ਅਖ਼ੀਰ ਤੱਕ ਲੜਦਾ ਰਿਹਾ, ਮਾਫੀਆ ਖ਼ਤਮ ਕਰਨ ਦੀ ਮੰਗ ਕੀਤੀ, ਜਿਸ ’ਤੇ ਹੁਣ ਵੀ ਕਾਇਮ ਹਾਂ।