ਸਿੱਧੂ ਮੂਸੇਵਾਲਾ ਕਤਲ ਕਾਂਡ ਦੇ 7 ਮਹੀਨਿਆਂ ਬਾਅਦ ਹੁਣ ਮਾਨਸਾ ਪੁਲਿਸ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਚਿਹਰਿਆਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਪੰਜਾਬ ਪੁਲਿਸ ਇਸ ਕਦਮ ‘ਤੇ ਵਿਚਾਰ ਕਰ ਰਹੀ ਹੈ। ਜਿਸ ਦੇ ਸੁਝਾਅ ਵਜੋਂ ਮਾਨਸਾ ਪੁਲੀਸ ਨੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਫੈਸਲਾ ਲੈਣ ਲਈ ਕਿਹਾ ਹੈ। ਉੱਚ ਅਧਿਕਾਰੀਆਂ ਦੇ ਕਹਿਣ ‘ਤੇ ਹੀ ਇਹ ਵਿਚਾਰ ਲਾਗੂ ਕਰ ਦਿੱਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਲਿਸਟ ਵਿੱਚ ਮਸ਼ਹੂਰ ਗਾਇਕ ਅਤੇ ਫਿਲਮ ਨਿਰਮਾਤਾ ਬੱਬੂ ਮਾਨ ਦਾ ਨਾਂ ਸਭ ਤੋਂ ਉੱਪਰ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਪਹਿਲਾਂ ਦੋਵਾਂ ਗਾਇਕਾਂ ਵਿਚਾਲੇ ਵਿਵਾਦ ਹੋ ਗਿਆ ਸੀ। ਸਿੱਧੂ ਮੂਸੇਵਾਲਾ ਨੇ ਵੀ ਲਾਈਵ ਵਿੱਚ ਬੱਬੂ ਮਾਨ ਦਾ ਨਾਮ ਲਏ ਬਿਨਾਂ ਆਪਣੀ ਗੱਲ ਰੱਖੀ ਸੀ। ਇੰਨਾ ਹੀ ਨਹੀਂ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਦੋਵਾਂ ਗਾਇਕਾਂ ਦੇ ਪ੍ਰਸ਼ੰਸਕ ਵੀ ਆਹਮੋ-ਸਾਹਮਣੇ ਆ ਗਏ ਸੀ।
ਇਸ ਦੌਰਾਨ ਦਿਲਪ੍ਰੀਤ ਬਾਬਾ ਗਰੁੱਪ ਦੇ ਗੈਂਗਸਟਰ ਯਾਦੀ ਰਾਣਾ (ਯਾਦੀ ਰੰਗੜ) ਦੀ ਵੀ ਐਂਟਰੀ ਹੋਈ ਸੀ। ਹੁਣ ਪੁਲਿਸ ਇਸ ਮਾਮਲੇ ਸਬੰਧੀ ਬੱਬੂ ਮਾਨ ਤੋਂ ਵੀ ਪੁੱਛਗਿੱਛ
ਕਰਨਾ ਚਾਹੁੰਦੀ ਹੈ। ਗਾਇਕ ਬੱਬੂ ਮਾਨ ਤੋਂ ਇਲਾਵਾ ਪੰਜਾਬ ਪੁਲਿਸ ਗਾਇਕ ਮਨਕੀਰਤ ਔਲਖ ਤੋਂ ਵੀ ਪੁੱਛਗਿੱਛ ਕਰਨਾ ਚਾਹੁੰਦੀ ਹੈ। NIA ਪਹਿਲਾਂ ਹੀ ਮਨਕੀਰਤ ਔਲਖ ਤੋਂ ਪੁੱਛਗਿੱਛ ਕਰ ਚੁੱਕੀ ਹੈ। ਕਰੀਬ ਇੱਕ ਮਹੀਨੇ ਬਾਅਦ ਪੰਜਾਬ ਪੁਲਿਸ ਨੇ ਮਨਕੀਰਤ ਔਲਖ ਤੋਂ ਪੁੱਛਗਿੱਛ ਕਰਨ ਬਾਰੇ ਸੋਚਿਆ ਹੈ।
ਗੋਲਡੀ ਬਰਾੜ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦਾ ਇੱਕ ਕਾਰਨ ਦੱਸਿਆ ਸੀ। ਪੁਲਿਸ ਹੁਣ ਇਸ ਮਾਮਲੇ ਵਿੱਚ ਵਿੱਕੀ ਮਿੱਡੂਖੇੜਾ ਦੇ ਭਰਾ ਅਜੈ ਪਾਲ ਮਿੱਡੂਖੇੜਾ ਤੋਂ ਵੀ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਆਪਣੇ ਭਾਸ਼ਣਾਂ ਵਿੱਚ ਵਾਰ-ਵਾਰ ਅਜੈਪਾਲ ਦਾ ਨਾਂ ਲਿਆ ਸੀ।