ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਿੱਧੂ ਨੂੰ ਗੋਲੀ ਮਾਰਨ ਵਾਲੇ 2 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਸ਼ੂਟਰਾਂ ਤੋਂ ਹਥਿਆਰ ਅਤੇ ਵਿਸਫੋਟਕ ਵੀ ਬਰਾਮਦ ਹੋਏ ਹਨ। ਇਸ ਦੀ ਪੁਸ਼ਟੀ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਕੀਤੀ ਹੈ। ਦਿੱਲੀ ਪੁਲਿਸ ਨੇ ਗੁਜਰਾਤ ਮੁਦਰਾ ਪੋਰਟ ਤੋਂ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਗੋਲੀਬਾਰੀ ਕਰਨ ਵਾਲਿਆਂ ‘ਚੋਂ ਇੱਕ ਦੀ ਪਛਾਣ ਪ੍ਰਿਆਵਰਤ ਫੌਜੀ ਵਜੋਂ ਹੋਈ ਹੈ।
ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਪ੍ਰਿਅਵਰਤ ਉਰਫ ਫੌਜੀ ਹੈ। ਪ੍ਰਿਆਵਰਤ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ ਅਤੇ ਕਤਲ ਤੋਂ ਪਹਿਲਾਂ ਫਤਿਹਾਬਾਦ ਦੇ ਇੱਕ ਪੈਟਰੋਲ ਪੰਪ ਦੇ ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਸੀ। ਇਹ ਸੋਨੀਪਤ ਹਰਿਆਣਾ ਦਾ ਰਹਿਣ ਵਾਲਾ ਹੈ। ਪੰਜਾਬ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਜਦਕਿ ਗੈਂਗਸਟਰ ਲਾਰੈਂਸ ਬਿਸ਼ਨਈ ਨੂੰ ਪੁੱਛਗਿੱਛ ਲਈ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਹੈ। ਭਲਕੇ ਉਸ ਦਾ ਪੁਲਿਸ ਰਿਮਾਂਡ ਖਤਮ ਹੋ ਜਾਵੇਗਾ ਅਤੇ ਉਸਨੂੰ ਮੁੜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੂਜਾ ਸ਼ੂਟਰ ਕਸ਼ਿਸ਼ ਵੀ ਹਰਿਆਣਾ ਦਾ ਰਹਿਣ ਵਾਲਾ ਹੈ। ਝੱਜਰ ਜ਼ਿਲ੍ਹੇ ਦਾ ਰਹਿਣ ਵਾਲਾ ਕਸ਼ਿਸ਼ ਵੀ ਹਰਿਆਣਾ ਦੇ ਫਤਿਹਾਬਾਦ ਵਿੱਚ ਇੱਕ ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆਇਆ ਸੀ। ਕਸ਼ਿਸ਼ ‘ਤੇ 2021 ‘ਚ ਝੱਜਰ ‘ਚ ਹੋਏ ਕਤਲ ‘ਚ ਸ਼ਾਮਿਲ ਹੋਣ ਦਾ ਦੋਸ਼ ਹੈ। ਤੀਜਾ ਸ਼ੂਟਰ ਕੇਸ਼ਵ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਦੱਸ ਦੇਈਏ ਕਿ ਪੰਜਾਬ ਦੇ ਮਾਨਸਾ ਵਿੱਚ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ।