ਜਿਵੇਂ ਜਿਵੇਂ ਪੰਜਾਬ ‘ਚ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਓਦਾਂ-ਓਦਾਂ ਪੰਜਾਬ ‘ਚ ਸਿਆਸੀ ਹਲਚਲ ਵੀ ਤੇਜ਼ ਹੋ ਰਹੀ ਹੈ। ਸਿਆਸੀ ਪਾਰਟੀਆਂ ਸੱਤਾ ‘ਚ ਆਉਣ ਲਈ ਕਈ ਤਰਾਂ ਦੇ ਐਲਾਨ ਕਰ ਰਹੀਆਂ ਹਨ। ਇਸ ਦੇ ਤਹਿਤ ਪਾਰਟੀਆਂ ‘ਚ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਚੋਣ ਮੈਦਾਨ ‘ਚ ਉਤਾਰਨ ਦਾ ਟਰੈਂਡ ਵੀ ਜ਼ੋਰ ਫੜ੍ਹਦਾ ਜਾ ਰਿਹਾ ਹੈ। ਇਸ ਦੌਰਾਨ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਵੀ ਚੋਣ ਮੈਦਾਨ ਵਿੱਚ ਉੱਤਰ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਲੜ ਸਕਦਾ ਹੈ। ਇਸ ਬਾਰੇ ਮੂਸੇਵਾਲਾ ਦੇ ਕਰੀਬੀ ਸੂਤਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਸਕਦੇ ਹਨ।
ਇਨ੍ਹਾਂ ਅਫਵਾਹਾਂ ਨੇ ਉਦੋਂ ਜ਼ੋਰ ਫੜ ਲਿਆ ਜਦੋਂ ਸਿੱਧੂ ਦੇ ਸਾਥੀ ਸੰਨੀ ਮਾਲਟਨ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕੀਤੀ। ਸੰਨੀ ਮਾਲਟਨ ਦੀ ਸਾਂਝੀ ਕੀਤੀ ਗਈ ਆਪਣੀ ਪੋਸਟ ’ਚ ਲਿਖਿਆ ਹੈ, “ਇੱਕ ਕਲਾਕਾਰ ਹੋਣ ਦੇ ਨਾਅਤੇ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਮੈਂ ਸੰਗੀਤ ਬਣਾਉਣ ਤੋਂ ਇਲਾਵਾ ਕਰਦਾ ਹਾਂ ਤੇ ਕਰਨਾ ਚਾਹੁੰਦਾ ਹਾਂ। ਗਾਇਕਾਂ ਦੇ ਸੰਗੀਤ ਬਣਾਉਣ ਤੋਂ ਇਲਾਵਾ ਵੀ ਬਹੁਤ ਸੁਪਨੇ ਤੇ ਟਾਰਗੇਟ ਹੁੰਦੇ ਹਨ ਪਰ ਸੰਗੀਤ ਲਈ ਸਾਡਾ ਪਿਆਰ ਕਦੇ ਖ਼ਤਮ ਨਹੀਂ ਹੋ ਸਕਦਾ, ਸਿਰਫ ਇਸ ਲਈ ਕਿ ਅਸੀਂ ਜ਼ਿੰਦਗੀ ਦੀਆਂ ਹੋਰ ਚੀਜ਼ਾਂ ਨੂੰ ਪੂਰਾ ਕਰਨ ’ਚ ਲੱਗ ਗਏ। ਭਾਵੇਂ ਸੰਗੀਤ ਹੋਵੇ ਜਾਂ ਰਾਜਨੀਤੀ, ਇਹ ਸਾਡੇ ਪ੍ਰਸ਼ੰਸਕਾਂ ਤੇ ਸਰੋਤਿਆਂ ਦੇ ਪਿਆਰ ਬਿਨਾਂ ਸੰਭਵ ਨਹੀਂ।’
ਦੱਸ ਦੇਈਏ ਕਿ ਇਸ ਪੋਸਟ ਨੂੰ ਸਿੱਧੂ ਮੂਸੇ ਵਾਲਾ ਨੇ ਵੀ ਸਾਂਝਾ ਕੀਤਾ ਹੈ। ਸਿੱਧੂ ਦੇ ਪੋਸਟ ਸਾਂਝੀ ਕਰਨ ਦੇ ਨਾਲ ਇਹ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਹਨ ਕਿ ਸਿੱਧੂ ਹੁਣ ਰਾਜਨੀਤੀ ’ਚ ਪੈਰ ਰੱਖਣ ਵਾਲਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਕੁੱਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਮੂਸੇਵਾਲਾ ਕੁੱਝ ਸਿਆਸੀ ਸ਼ਖ਼ਸੀਅਤਾਂ ਨਾਲ ਖੜ੍ਹੇ ਹੋਏ ਦਿਖਾਈ ਦੇ ਰਹੇ ਹਨ ।