ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮੁਲਜ਼ਮ ਰਾਜਸਥਾਨ ਦੇ ਇੱਕ ਪਿੰਡ ਤੋਂ ਫੜਿਆ ਗਿਆ ਹੈ। ਉਸ ਨੇ ਮੂਸੇਵਾਲਾ ਦੇ ਪਿਤਾ ਨੂੰ ਈ-ਮੇਲ ਰਾਹੀਂ ਧਮਕੀ ਦਿੱਤੀ ਸੀ। ਸੂਤਰਾਂ ਮੁਤਾਬਿਕ ਇਹ ਮੁਲਜ਼ਮ ਲਾਰੈਂਸ ਗੈਂਗ ਦਾ ਮੈਂਬਰ ਹੈ। ਪੰਜਾਬ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਤੜਕੇ ਮਾਨਸਾ ਪਹੁੰਚ ਗਈ ਹੈ। ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸ ਦੇਈਏ ਬਲਕੌਰ ਸਿੰਘ ਨੂੰ ਮੂਸੇਵਾਲਾ ਦੀ official ਈ-ਮੇਲ ‘ਤੇ ਧਮਕੀ ਦਿੱਤੀ ਗਈ ਸੀ। ਏਜੇ ਸ਼ੂਟਰ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਕਿਹਾ ਸੀ ਕਿ ਮੂਸੇਵਾਲਾ ਦੇ ਪਿਤਾ ਦੀ ਹਾਲਤ ਉਸ ਦੇ ਪੁੱਤਰ ਨਾਲੋਂ ਵੀ ਮਾੜੀ ਕੀਤੀ ਜਾਵੇਗੀ। ਉਸ ਨੂੰ ਲਾਰੇਂਸ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ‘ਤੇ ਵਾਰ-ਵਾਰ ਸਵਾਲ ਨਹੀਂ ਚੁੱਕਣੇ ਚਾਹੀਦੇ। ਮੂਸੇਵਾਲਾ ਦੇ ਪਿਤਾ ਨੇ ਇਹ ਈ-ਮੇਲ ਮਾਨਸਾ ਪੁਲਿਸ ਨੂੰ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਆਈਪੀ ਐਡਰੈੱਸ ਰਾਹੀਂ ਗੂਗਲ ਤੋਂ ਇਸ ਦੇ ਵੇਰਵੇ ਮੰਗ ਕੇ ਬਦਮਾਸ਼ ਨੂੰ ਕਾਬੂ ਕਰ ਲਿਆ।