ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਮਾਨਸਾ ਵਿੱਚ ਕੈਂਡਲ ਮਾਰਚ ਸ਼ੁਰੂ ਹੋ ਗਿਆ ਹੈ। ਜਿਸ ਵਿੱਚ ਮੂਸੇਵਾਲਾ ਦੇ ਸੈਂਕੜੇ ਪ੍ਰਸੰਸਕ ਹਿੱਸਾ ਲੈ ਰਹੇ ਹਨ। ਜੋ ਇਨਸਾਫ਼ ਨਾ ਮਿਲਣ ‘ਤੇ ਗੁੱਸਾ ਜ਼ਾਹਿਰ ਕਰ ਰਹੇ ਹਨ। ਪ੍ਰਸੰਸਕ ਲਗਾਤਾਰ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਇਸ ਦੀ ਅਗਵਾਈ ਕਰਦਿਆਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਅੱਗੇ 3 ਮੰਗਾਂ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਜਾਂਚ ਲਈ ਇੱਕ ਪਵਾਰਫੁਲ ਕਮਿਸ਼ਨ ਬਣਾਇਆ ਜਾਣਾ ਚਾਹੀਦਾ ਹੈ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਪਹਿਲਾਂ ਸੁਰੱਖਿਆ ਕਿਉਂ ਦਿੱਤੀ ਗਈ? ਫਿਰ ਸੁਰੱਖਿਆ ਕਿਸ ਨੇ ਅਤੇ ਕਿਉਂ ਵਾਪਿਸ ਲਈ ?
ਪੰਜਾਬ ਦੀ ਫਿਲਮ ਇੰਡਸਟਰੀ ਦੇ ਅੰਡਰਵਰਲਡ ਅਤੇ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇੱਕ ਪੰਜਾਬੀ ਗਾਇਕ ‘ਤੇ ਵੀ ਨਿਸ਼ਾਨਾ ਸਾਧਿਆ ਕਿ ਇਕ ਪਾਸੇ ਉਹ ਗੈਂਗਸਟਰ ਨੂੰ ਆਪਣਾ ਭਰਾ ਕਹਿੰਦਾ ਹੈ, ਦੂਜੇ ਪਾਸੇ ਉਹ ਪੰਜਾਬ ਪੁਲਸ ਤੋਂ ਸੁਰੱਖਿਆ ਮੰਗਦਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੈਂਗਸਟਰਾਂ ਦੇ ਫੰਡਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਗੈਂਗਸਟਰ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਭਾਰਤ ਲਿਆਂਦਾ ਜਾਵੇ। ਉਸ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਉਹ ਪੰਜਾਬ ਵਿੱਚ ਹੁਣ ਤੱਕ 150 ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਚੁੱਕਾ ਹੈ। ਇਸ ਦਾ ਵੀ ਹੱਲ ਹੋਣਾ ਚਾਹੀਦਾ ਹੈ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪੁਲੀਸ ਆਪਣਾ ਕੰਮ ਕਰ ਰਹੀ ਹੈ ਪਰ ਲੜਾਈ ਲੰਬੀ ਹੈ। ਜਦੋਂ ਤੱਕ ਗੈਂਗਸਟਰਾਂ ਦੇ ਮੁਖੀ 200 ਬੰਦਿਆ ਦੀ ਵੀ.ਆਈ.ਪੀ ਸੁਰੱਖਿਆ ਲੈ ਕੇ ਚੱਲਦੇ ਰਹਿਣਗੇ, ਉਦੋਂ ਤੱਕ ਸਾਡੇ ਦਿਲ ਦੁਖਦੇ ਰਹਿਣਗੇ। ਕੇਂਦਰ ਸਰਕਾਰ ਨੇ ਕਿਹਾ ਕਿ ਲਾਰੈਂਸ ਨੂੰ ਖਤਰਾ ਹੈ। 70 ਪਰਚੇ ਦਰਜ ਹੋਣ ਤੇ ਲੋਕਾਂ ਦੇ ਬੱਚਿਆਂ ਨੂੰ ਮਾਰਨ ਤੋਂ ਬਾਅਦ ਵੀ ਇੰਨ੍ਹਾਂ ਨੂੰ ਖਤਰਾ ਹੈ? ਸਾਡੇ ਵਰਗੇ ਲੋਕਾਂ ਦੇ ਮਨੁੱਖੀ ਅਧਿਕਾਰ ਕਿੱਥੇ ਹਨ ਜਿਨ੍ਹਾਂ ਨੇ ਆਪਣੇ ਬੱਚੇ ਗੁਆ ਦਿੱਤੇ ਹਨ?