ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਨਵਜੋਤ ਸਿੱਧੂ ਤੇ ਮਜੀਠਿਆ ਵਿੱਚ ਤਿੱਖੀ ਬਹਿਸ ਮਗਰੋਂ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ ਹੈ। ਬਹਿਸ ਦੌਰਾਨ ਨੌਬਤ ਹੱਥੋਪਾਈ ਤੱਕ ਪਹੁੰਚ ਗਈ ਸੀ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਘਸੀਟਿਆ ਤਾਂ ਜੰਮ ਕੇ ਤੂੰ-ਤੂੰ ਮੈਂ-ਮੈਂ ਹੋਈ। ਇੱਕ ਵਾਰ ਤਾਂ ਹਾਲਾਤ ਤਣਾਅ ਵਾਲੇ ਬਣ ਗਏ ਤੇ ਇੰਝ ਲੱਗਿਆ ਜਿਵੇਂ ਮੁਹੱਲੇ ਦੇ ਦੋ ਧੜੇ ਲੜ ਰਹੇ ਹੋਣ। ਇਸ ਬਹਿਸਬਾਜ਼ੀ ਵਿਚ ਦੋਵਾਂ ਨੇ ਮਰਿਆਦਾ ਦਾ ਖਿਆਲ ਰਖਣਾ ਵੀ ਭੁੱਲ ਗਏ। ਇਸ ਦੌਰਾਨ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਵੱਲੋਂ ਦੋਵੇਂ ਲੀਡਰ ਨਹੀਂ ਚੁੱਪ ਹੋਏ। ਇਸ ਕਾਰਨ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ। ਪੰਜਾਬ ‘ਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਦਾਰ ਪਾਰਟੀ ਹੈ, ਜਿਸ ਨੇ ਹਮੇਸ਼ਾ ਪੰਜਾਬ ਨੂੰ ਖ਼ਰਾਬ ਕੀਤਾ ਹੈ।
ਪੰਜਾਬ ‘ਚ ਹੁਣ ਨਸ਼ਾ ਨਹੀਂ ਵਿੱਕਣ ਦੇਣਾ। ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਨੇ ਨਸ਼ੇ ‘ਚ ਡੋਬ ਕੇ ਰੱਖ ਦਿੱਤਾ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਨੇ ਨਸ਼ੇ ‘ਚ ਡੋਬ ਕੇ ਇਸ ਦਾ ਘਾਣ ਕਰ ਕਰ ਦਿੱਤਾ ਹੈ। ਇਸ ਬਿਆਨ ਦਾ ਅਕਾਲੀ ਦਲ ਨੇ ਵਿਰੋਧ ਕੀਤਾ ਅਤੇ ਮੁੱਖ ਮੰਤਰੀ ਦੀ ਕੁਰਸੀ ਦੇ ਸਾਹਮਣੇ ਪਹੁੰਚ ਗਏ। ਇਸ ਦੌਰਾਨ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਵੀ ਉੱਥੇ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਮਾਮਲਾ ਕਾਫੀ ਵੱਧ ਜਾਂਦਾ ਹੈ ਅਤੇ ਦੋਵਾਂ ਪਾਰਟੀਆਂ ਦੇ ਆਗੂਆਂ ਵਿਚਕਾਰ ਜ਼ਬਰਦਸਤ ਬਹਿਸਬਾਜ਼ੀ ਹੁੰਦੀ ਹੈ। ਜਿਵੇਂ ਹੀ ਸੀਐਮ ਚੰਨੀ ਨੇ ਭਾਸ਼ਣ ਦੌਰਾਨ ਅਕਾਲੀਆਂ ‘ਤੇ ਤਿੱਖੇ ਵਾਰ ਕਰਨੇ ਸ਼ੁਰੂ ਕੀਤੇ ਤਾਂ ਬਿਕਰਮ ਮਜੀਠੀਆ ਸੀਐਮ ਵੱਲ ਵਧੇ ਤਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਤਸਕਰ ਪਿਛੇ ਹੱਟ। ਇਸ ਤੋਂ ਬਾਅਦ ਦੋਵਾਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ। ਹੰਗਾਮਾ ਹੋਣ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਵੀ ਮੁੱਖ ਮੰਤਰੀ ਦੀ ਕੁਰਸੀ ਦੇ ਸਾਹਮਣੇ ਅਕਾਲੀ ਅਤੇ ਕਾਂਗਰਸੀ ਮੈਂਬਰਾਂ ਦੀ ਬਹਿਸ ਜਾਰੀ ਰਹੀ।