ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਵੀ ਜਾਰੀ ਹੈ। ਹੁਣ ਪੰਜਾਬ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਹੁਣ ਕਾਂਗਰਸ ਦੀ ਆਪਸੀ ਲੜਾਈ ਸੜਕਾਂ ‘ਤੇ ਵੀ ਪਹੁੰਚ ਗਈ ਹੈ। ਚੰਡੀਗੜ੍ਹ ‘ਚ ਮਹਿੰਗਾਈ ਦੇ ਖਿਲਾਫ ਚੱਲ ਰਹੇ ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਵਿਚਾਲੇ ਬਹਿਸ ਹੋ ਗਈ। ਸਿੱਧੂ ਨੇ ਕਿਹਾ ਕਿ ਕਾਂਗਰਸ ਕੁੱਝ ਚਿਹਰਿਆਂ ਕਾਰਨ ਹਾਰ ਗਈ ਹੈ, ਪਰ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਤਾਂ ਢਿੱਲੋਂ ਨੇ ਕਿਹਾ ਕਿ ਉਹ ਲੋਕ ਕੌਣ ਹਨ, ਤੁਸੀਂ ਨਾਮ ਲਉ ?
ਸਿੱਧੂ ਵੱਲੋਂ ਆਪਣੇ ਆਪ ਨੂੰ ਇਮਾਨਦਾਰ ਅਤੇ ਕੁਝ ਹੋਰ ਕਾਂਗਰਸੀਆਂ ਨੂੰ ਭ੍ਰਿਸ਼ਟ ਦੱਸਣ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਦੋਵਾਂ ਵਿਚਾਲੇ ਤਕਰਾਰ ਇੰਨੀ ਵਧ ਗਈ ਕਿ ਦੋਵਾਂ ਦੇ ਸਮਰਥਕਾਂ ਨੇ ਇਕ-ਦੂਜੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਬਾਕੀ ਆਗੂ ਉਥੋਂ ਖਿਸਕ ਗਏ। ਇਸ ਤੋਂ ਬਾਅਦ ਕਾਂਗਰਸ ਦਾ ਪ੍ਰਦਰਸ਼ਨ ਖ਼ਤਮ ਹੋ ਗਿਆ।