ਭਾਰਤ ਦੇ ਸਟਾਰ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਤਾਜ਼ਾ ਸਿਹਤ ਅਪਡੇਟ ਨੇ ਟੀਮ ਇੰਡੀਆ ਅਤੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਡੇਂਗੂ ਤੋਂ ਪੀੜਤ ਸ਼ੁਭਮਨ ਗਿੱਲ ਨੂੰ ਪਲੇਟਲੈਟਸ ਘੱਟ ਹੋਣ ਕਾਰਨ ਚੇਨਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸ਼ੁਭਮਨ ਗਿੱਲ ਬੁੱਧਵਾਰ ਨੂੰ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ। ਹੁਣ ਸ਼ਨੀਵਾਰ ਨੂੰ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ ‘ਚ ਗਿੱਲ ਦੇ ਖੇਡਣ ਦੀ ਕੋਈ ਸੰਭਾਵਨਾ ਨਹੀਂ ਜਾਪਦੀ ਹੈ। ਗਿੱਲ ਦੀ ਗੈਰ-ਮੌਜੂਦਗੀ ਵਿੱਚ ਈਸ਼ਾਨ ਕਿਸ਼ਨ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਦੇ ਨਜ਼ਰ ਆਉਣਗੇ।
ਬੀਸੀਸੀਆਈ ਨੇ ਮੰਗਲਵਾਰ ਨੂੰ ਸ਼ੁਭਮਨ ਗਿੱਲ ਦੀ ਸਿਹਤ ਸਬੰਧੀ ਅਪਡੇਟ ਜਾਰੀ ਕੀਤੀ। ਹੈਲਥ ਅਪਡੇਟ ‘ਚ ਦੱਸਿਆ ਗਿਆ ਕਿ ਸ਼ੁਭਮਨ ਗਿੱਲ ਟੀਮ ਨਾਲ ਦਿੱਲੀ ਨਹੀਂ ਗਏ ਹਨ ਅਤੇ ਉਹ ਚੇਨਈ ‘ਚ ਰਹਿ ਕੇ ਆਪਣਾ ਇਲਾਜ ਕਰਵਾਉਣਗੇ। ਤਾਜ਼ਾ ਜਾਣਕਾਰੀ ਅਨੁਸਾਰ ਸ਼ੁਭਮਨ ਗਿੱਲ ਦੇ ਪਲੇਟਲੈਟਸ ਘੱਟ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਫਿਲਹਾਲ ਸ਼ੁਭਮਨ ਗਿੱਲ ਸਿਰਫ ਚੇਨਈ ਦੇ ਹਸਪਤਾਲ ‘ਚ ਦਾਖਲ ਹਨ।