ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਦਰਅਸਲ, ਟੀਮ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਡੇਂਗੂ ਤੋਂ ਪ੍ਰਭਾਵਿਤ ਹੋ ਗਏ ਹਨ, ਜਿਸ ਕਾਰਨ ਉਹ ਵਿਸ਼ਵ ਕੱਪ ਦੇ ਪਹਿਲੇ ਦੋ ਮੈਚਾਂ ਤੋਂ ਬਾਹਰ ਹੋ ਸਕਦੇ ਹਨ। ਭਾਰਤੀ ਟੀਮ ਟੂਰਨਾਮੈਂਟ ਦਾ ਪਹਿਲਾ ਮੈਚ 8 ਅਕਤੂਬਰ ਐਤਵਾਰ ਨੂੰ ਚੇਨਈ ‘ਚ ਆਸਟ੍ਰੇਲੀਆ ਖਿਲਾਫ ਖੇਡੇਗੀ। ਇਸ ਤੋਂ ਬਾਅਦ ਟੀਮ ਦਾ ਦੂਜਾ ਮੈਚ 11 ਅਕਤੂਬਰ ਨੂੰ ਅਫਗਾਨਿਸਤਾਨ ਨਾਲ ਹੋਵੇਗਾ।
‘ਕ੍ਰਿਕਬਜ਼’ ਦੀ ਰਿਪੋਰਟ ਮੁਤਾਬਿਕ ਟੀਮ ਮੈਨੇਜਮੈਂਟ ਗਿੱਲ ਨੂੰ ਲੈ ਕੇ ਕੋਈ ਜੋਖਮ ਨਹੀਂ ਉਠਾਉਣਾ ਚਾਹੇਗਾ, ਇਸ ਲਈ ਗਿੱਲ ਦਾ ਆਸਟ੍ਰੇਲੀਆ ਖਿਲਾਫ ਪਹਿਲੇ ਮੈਚ ਤੋਂ ਬਾਹਰ ਹੋਣਾ ਤੈਅ ਹੈ। ਇਸ ਤੋਂ ਇਲਾਵਾ ਉਹ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਦੂਜੇ ਮੈਚ ਤੋਂ ਵੀ ਖੁੰਝ ਸਕਦਾ ਹੈ, ਜੋ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾਵੇਗਾ।
ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਜਦੋਂ ਭਾਰਤੀ ਟੀਮ ਪਹਿਲੇ ਅਭਿਆਸ ਮੈਚ ਲਈ 30 ਸਤੰਬਰ ਨੂੰ ਗੁਹਾਟੀ ਪਹੁੰਚੀ ਤਾਂ ਗਿੱਲ ‘ਚ ਡੇਂਗੂ ਦੇ ਲੱਛਣ ਦਿਖਾਈ ਦੇਣ ਲੱਗੇ, ਜਿਸ ਤੋਂ ਬਾਅਦ ਉਨ੍ਹਾਂ ਨੇ ਟੀਮ ਦੇ ਡਾਕਟਰ ਰਿਜ਼ਵਾਨ ਖਾਨ ਨੂੰ ਇਸ ਦੀ ਜਾਣਕਾਰੀ ਦਿੱਤੀ। ਫਿਰ ਵੀਰਵਾਰ ਸ਼ਾਮ ਨੂੰ ਜਦੋਂ ਚੇਨਈ ਵਿੱਚ ਗਿੱਲ ਦੇ ਹੋਰ ਟੈਸਟ ਕਰਵਾਏ ਗਏ ਤਾਂ ਡੇਂਗੂ ਬੁਖਾਰ ਹੋਣ ਦੀ ਪੁਸ਼ਟੀ ਹੋਈ। ਹਾਲਾਂਕਿ, ਟੀਮ ਦੇ ਇੱਕ ਸੂਤਰ ਨੇ ਸੰਕੇਤ ਦਿੱਤਾ ਕਿ ਗਿੱਲ ਜ਼ਿਆਦਾ ਕਮਜ਼ੋਰੀ ਜਾਂ ਬੇਅਰਾਮੀ ਮਹਿਸੂਸ ਨਹੀਂ ਕਰ ਰਿਹਾ ਹੈ।