IPL-2023 ਵਿਚਾਲੇ ਭਾਰਤੀ ਕ੍ਰਿਕਟ ਟੀਮ ਲਈ ਬੁਰੀ ਖ਼ਬਰ ਆਈ ਹੈ। ਟੀਮ ਇੰਡੀਆ ਦਾ ਇੱਕ ਸਟਾਰ ਬੱਲੇਬਾਜ਼ ਜੂਨ ਵਿੱਚ ਇੰਗਲੈਂਡ ਵਿੱਚ ਖੇਡੀ ਜਾਣ ਵਾਲੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚੋਂ ਬਾਹਰ ਹੋ ਗਿਆ ਹੈ। ਇਹ ਖਿਡਾਰੀ ਹੈ ਸ਼੍ਰੇਅਸ ਅਈਅਰ। ਅਈਅਰ ਦੀ ਪਿੱਠ ‘ਚ ਸੱਟ ਲੱਗੀ ਹੈ ਅਤੇ ਇਸ ਕਾਰਨ ਉਹ ਆਸਟ੍ਰੇਲੀਆ ਖਿਲਾਫ ਫਾਈਨਲ ‘ਚ ਨਹੀਂ ਖੇਡ ਸਕੇਗਾ। ਅਈਅਰ ਆਸਟ੍ਰੇਲੀਆ ਦੇ ਖਿਲਾਫ ਖੇਡੀ ਗਈ ਚਾਰ ਮੈਚਾਂ ਦੀ ਟੈਸਟ ਸੀਰੀਜ਼ ‘ਚ ਜ਼ਖਮੀ ਹੋ ਗਏ ਸਨ।ਵੇਬਸਾਈਟ ESPNcricinfo ਨੇ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਅਈਅਰ ਸੱਟ ਕਾਰਨ IPL-2023 ‘ਚ ਵੀ ਨਹੀਂ ਖੇਡ ਸਕਣਗੇ। ਪਹਿਲਾਂ ਅਜਿਹੀਆਂ ਖਬਰਾਂ ਸਨ ਕਿ ਅਈਅਰ ਆਈਪੀਐਲ ਦੇ ਮੱਧ ਵਿੱਚ ਵਾਪਸੀ ਕਰ ਸਕਦਾ ਹੈ ਪਰ ਵੈਬਸਾਈਟ ਨੇ ਦੱਸਿਆ ਕਿ ਉਹ ਆਈਪੀਐਲ ਦੇ ਮੌਜੂਦਾ ਸੀਜ਼ਨ ਤੋਂ ਵੀ ਬਾਹਰ ਹੋ ਗਿਆ ਹੈ। ਕੋਲਕਾਤਾ ਨੇ ਉਨ੍ਹਾਂ ਨੂੰ ਪਿਛਲੇ ਸਾਲ ਹੀ ਖਰੀਦਿਆ ਸੀ ਅਤੇ ਕਪਤਾਨ ਵੀ ਬਣਾਇਆ ਸੀ। ਇਸ ਸੀਜ਼ਨ ‘ਚ ਉਨ੍ਹਾਂ ਦੀ ਜਗ੍ਹਾ ਨਿਤੀਸ਼ ਰਾਣਾ ਕਪਤਾਨੀ ਕਰ ਰਹੇ ਹਨ।
ਵੈੱਬਸਾਈਟ ਨੇ ਆਪਣੀ ਰਿਪੋਰਟ ‘ਚ ਇਹ ਵੀ ਦੱਸਿਆ ਹੈ ਕਿ ਅਈਅਰ ਸੱਟ ਦੀ ਸਰਜਰੀ ਲਈ ਵਿਦੇਸ਼ ਜਾਣਗੇ। ਉਹ ਤਿੰਨ ਮਹੀਨਿਆਂ ਲਈ ਬਾਹਰ ਹੋ ਸਕਦਾ ਹੈ। ਇਸ ਤੋਂ ਬਾਅਦ ਉਹ ਟ੍ਰੇਨਿੰਗ ਸ਼ੁਰੂ ਕਰਨਗੇ।ਇਸ ਸੱਟ ਕਾਰਨ ਅਈਅਰ ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ ਮੈਚ ‘ਚ ਨਹੀਂ ਖੇਡ ਸਕੇ ਸਨ ਅਤੇ ਫਿਰ ਉਹ ਵਨਡੇ ਸੀਰੀਜ਼ ਤੋਂ ਵੀ ਬਾਹਰ ਹੋ ਗਏ ਸਨ। ਉਹ ਪਹਿਲਾਂ ਵੀ ਇਸ ਸੱਟ ਤੋਂ ਪ੍ਰੇਸ਼ਾਨ ਸਨ ਅਤੇ ਬੰਗਲਾਦੇਸ਼ ਦੌਰੇ ‘ਤੇ ਨਹੀਂ ਖੇਡੇ ਗਏ ਸਨ।