ਪੰਜਾਬ ਕਿੰਗਜ਼ ਦੀ ਟੀਮ 2008 ਤੋਂ ਆਈਪੀਐਲ ਵਿੱਚ ਹਿੱਸਾ ਲੈ ਰਹੀ ਹੈ ਪਰ ਟੀਮ ਇੱਕ ਵਾਰ ਵੀ ਖ਼ਿਤਾਬ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੀ। ਪਰ ਇਸ ਵਾਰ ਪੰਜਾਬ ਕਿੰਗਜ਼ ਨੇ ਟਰਾਫੀ ਜਿੱਤਣ ਲਈ ਆਈਪੀਐਲ 2025 ਦੀ ਮੈਗਾ ਨਿਲਾਮੀ ਵਿੱਚ ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ ਵਿੱਚ ਖਰੀਦਿਆ। ਉਦੋਂ ਹੀ ਸਪੱਸ਼ਟ ਹੋ ਗਿਆ ਸੀ ਕਿ ਉਹ ਪੰਜਾਬ ਦਾ ਕਪਤਾਨ ਬਣੇਗਾ। ਸ਼ਨੀਵਾਰ ਨੂੰ ਸ਼੍ਰੇਅਸ ਅਈਅਰ, ਯੁਜਵੇਂਦਰ ਚਾਹਲ ਅਤੇ ਸ਼ਸ਼ਾਂਕ ਸਿੰਘ ਸਲਮਾਨ ਖਾਨ ਦੁਆਰਾ ਹੋਸਟ ਕੀਤੇ ਗਏ ਸ਼ੋਅ ਬਿੱਗ ਬੌਸ -18 ਸੀਜ਼ਨ ਵਿੱਚ ਮਹਿਮਾਨ ਵਜੋਂ ਆਏ ਸਨ। ਜਿੱਥੇ ਸਲਮਾਨ ਖਾਨ ਨੇ ਪੁਸ਼ਟੀ ਕੀਤੀ ਕਿ ਅਈਅਰ ਪੰਜਾਬ ਕਿੰਗਜ਼ ਦੇ ਕਪਤਾਨ ਹੋਣਗੇ। ਇਸ ਤੋਂ ਬਾਅਦ ਪੰਜਾਬ ਟੀਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਸ਼੍ਰੇਅਸ ਅਈਅਰ ਨੂੰ ਕਪਤਾਨ ਬਣਾਉਣ ਦਾ ਐਲਾਨ ਕੀਤਾ।
ਕਪਤਾਨੀ ਮਿਲਣ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਟੀਮ ਨੇ ਮੇਰੇ ‘ਤੇ ਭਰੋਸਾ ਜਤਾਇਆ ਹੈ। ਮੈਂ ਕੋਚ ਰਿਕੀ ਪੋਂਟਿੰਗ ਨਾਲ ਦੁਬਾਰਾ ਕੰਮ ਕਰਨ ਦੀ ਉਮੀਦ ਕਰ ਰਿਹਾ ਹਾਂ। ਟੀਮ ਉਨ੍ਹਾਂ ਖਿਡਾਰੀਆਂ ਨਾਲ ਮਜ਼ਬੂਤ ਨਜ਼ਰ ਆ ਰਹੀ ਹੈ ਜਿਨ੍ਹਾਂ ਨੇ ਖੁਦ ਨੂੰ ਸਾਬਿਤ ਕੀਤਾ ਹੈ ਅਤੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਮੈਨੂੰ ਉਮੀਦ ਹੈ ਕਿ ਅਸੀਂ ਆਪਣਾ ਪਹਿਲਾ ਖਿਤਾਬ ਜਿੱਤਣ ਲਈ ਪ੍ਰਬੰਧਕਾਂ ਵੱਲੋਂ ਦਿਖਾਏ ਵਿਸ਼ਵਾਸ ਨੂੰ ਬਰਕਰਾਰ ਰੱਖ ਸਕਾਂਗੇ।