ਅਮਰੀਕਾ ਵਿੱਚ ‘ਗੰਨ ਕੰਟਰੋਲ ਲਾਅ’ ਲਾਗੂ ਹੋਣ ਦੇ ਬਾਵਜੂਦ ਬੰਦੂਕ ਹਿੰਸਾ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਇੱਕ ਨਵੀਂ ਘਟਨਾ ਮਿਨੇਸੋਟਾ ਦੇ ਬਲੂਮਿੰਗਟਨ ਤੋਂ ਸਾਹਮਣੇ ਆਈ ਹੈ, ਜਿੱਥੇ ਅਮਰੀਕਾ ਦੇ ਮਾਲ ਵਿੱਚ ਜ਼ਬਰਦਸਤ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਬਲੂਮਿੰਗਟਨ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸ਼ੱਕੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਲਈ ਫੜਿਆ ਨਹੀਂ ਜਾ ਸਕਿਆ। ਪੁਲਿਸ ਘਟਨਾ ਦੇ ਸਮੇਂ ਆਸਪਾਸ ਮੌਜੂਦ ਲੋਕਾਂ ਤੋਂ ਪੁੱਛਗਿੱਛ ਕਰਕੇ ਸ਼ੱਕੀ ਬੰਦੂਕਧਾਰੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਹੁਣ ਤੱਕ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਪੁਲਸ ਨੇ ਦੱਸਿਆ ਕਿ ਘਟਨਾ ਵੀਰਵਾਰ ਸ਼ਾਮ ਕਰੀਬ 6 ਵਜੇ ਦੀ ਹੈ। ਹਮਲਾਵਰ ਨੇ ਮਾਲ ਦੇ ਅੰਦਰ ਘੱਟੋ-ਘੱਟ ਤਿੰਨ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਆਸਪਾਸ ਮੌਜੂਦ ਲੋਕ ਅਤੇ ਦੁਕਾਨਦਾਰ ਮਾਲ ਦੇ ਅੰਦਰ ਹਰ ਪਾਸੇ ਲੁਕ ਗਏ। ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕੈਂਪਸ ਦੀਆਂ ਗਤੀਵਿਧੀਆਂ ਕੁੱਝ ਸਮੇਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ। ਹਾਲਾਂਕਿ ਬੰਦੂਕਧਾਰੀ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਘਟਨਾ ਨਾਲ ਜੁੜੇ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਕਈ ਚਸ਼ਮਦੀਦਾਂ ਨੇ ਵੀਡੀਓ ਵੀ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਲੋਕ ਆਪਣੀ ਜਾਨ ਬਚਾਉਂਦੇ ਹੋਏ ਭੱਜਦੇ ਹੋਏ ਦੇਖੇ ਜਾ ਸਕਦੇ ਹਨ। ਗੋਲੀਬਾਰੀ ਤੋਂ ਬਾਅਦ ਕਈ ਲੋਕ ਮਾਲ ਦੇ ਕੋਨੇ-ਕੋਨੇ ਵਿੱਚ ਲੁਕੇ ਹੋਏ ਵੀ ਦੇਖੇ ਗਏ। ਇੱਕ ਵੀਡੀਓ ਫੁਟੇਜ ਵਿੱਚ ਬਲੂਮਿੰਗਟਨ ਪੁਲਿਸ ਨੂੰ ਬੰਦੂਕਧਾਰੀ ਦੀ ਭਾਲ ਵਿੱਚ ਵੀ ਦਿਖਾਇਆ ਗਿਆ ਹੈ।