ਨਿਊਜ਼ੀਲੈਂਡ ‘ਚ ਲੁੱਟ ਖੋਹ ਦੀਆਂ ਵਾਰਦਾਤਾਂ ਆਏ ਦਿਨ ਹੀ ਵਾਪਰ ਰਹੀਆਂ ਨੇ ਜਿਨ੍ਹਾਂ ਨੇ ਲੋਕਾਂ ‘ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉੱਥੇ ਹੀ ਅੱਜ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ ਬੁੱਧਵਾਰ ਨੂੰ ਆਕਲੈਂਡ ਦੇ ਮਾਇਸ਼ ਰੋਡ ‘ਤੇ ਲੁੱਟ ਦੀ ਇੱਕ ਹਿੰਸਕ ਵਾਰਦਾਤ ਵਾਪਰੀ ਹੈ ਤੇ ਇਸ ਦੌਰਾਨ ਪੁਲਿਸ ਮੁਲਾਜ਼ਮਾਂ ‘ਤੇ ਵੀ ਗੋਲੀ ਚਲਾਈ ਗਈ ਹੈ। ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ ਖੁਸ਼ਕਿਸਮਤੀ ਕਾਰਨ ਇਸ ਗੋਲੀਬਾਰੀ ਦੌਰਾਨ ਕੋਈ ਮੁਲਾਜ਼ਮ ਜ਼ਖਮੀ ਨਹੀਂ ਹੋਇਆ। ਪੁਲਿਸ ‘ਤੇ ਗੋਲੀ ਚਲਾਏ ਜਾਣ ਮਗਰੋਂ ਹੈਲੀਕਾਪਟਰ ਰਾਹੀਂ ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ ਗਈ ਸੀ ਜਿਸ ਕਾਰਨ ਆਕਲੈਂਡ ਹਵਾਈ ਅੱਡੇ ਤੋਂ ਕੋਈ ਵੀ ਜਹਾਜ਼ ਉਡਾਣ ਨਹੀਂ ਭਰ ਸਕਿਆ। ਇਸ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਕਾਫੀ ਜਿਆਦਾ ਖੱਜਲ-ਖੁਆਰ ਹੋਣਾ ਪਿਆ।
ਕਾਉਂਟੀਜ਼ ਮਾਨੁਕਾਊ ਸੀਆਈਬੀ ਦੇ ਡਿਟੈਕਟਿਵ ਇੰਸਪੈਕਟਰ ਕੈਰਨ ਬ੍ਰਾਈਟ ਨੇ ਕਿਹਾ ਕਿ ਮੈਨੂਰੇਵਾ ਵਿੱਚ ਗੋਲੀਬਾਰੀ ਤੋਂ ਬਾਅਦ ਦੋ ਲੋਕ ਹਿਰਾਸਤ ਵਿੱਚ ਹਨ ਤੇ ਉਨ੍ਹਾਂ ਕੋਲੋਂ ਹਥਿਆਰ ਤੇ ਚੋਰੀ ਦੀ ਗੱਡੀ ਵੀ ਬਰਾਮਦ ਕਰ ਲਈ ਗਈ ਹੈ।