ਨਿਊਜ਼ੀਲੈਂਡ ‘ਚ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਆਏ ਦਿਨ ਹੀ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ। ਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ। ਆਕਲੈਂਡ ਦੇ ਗਲੇਨ ਇਨੇਸ ਸਥਿਤ ਇੱਕ ਘਰ ‘ਤੇ ਸ਼ੁੱਕਰਵਾਰ ਰਾਤ ਨੂੰ ਦੂਜੀ ਵਾਰ ਗੋਲੀਬਾਰੀ ਕੀਤੀ ਗਈ ਹੈ। ਰਾਤ 10.30 ਵਜੇ ਦੇ ਕਰੀਬ ਇੱਕ ਘਰ ‘ਤੇ ਗੋਲੀਆਂ ਚੱਲਣ ਦੀ ਸੂਚਨਾ ਤੋਂ ਬਾਅਦ ਪੁਲਿਸ ਨੂੰ ਤਨੀਵਾ ਸੇਂਟ ਵਿਖੇ ਬੁਲਾਇਆ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। “ਘਟਨਾ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।”
ਰਿਪੋਰਟਾਂ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਘਰ ਉਹੀ ਹੈ ਜਿਸ ‘ਤੇ 19 ਜੁਲਾਈ ਨੂੰ ਗੋਲੀਆਂ ਚੱਲੀਆਂ ਸੀ। ਉਸ ਗੋਲੀਬਾਰੀ ਵਿੱਚ ਦੋ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਸੀ। ਗੁਆਂਢੀਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸ਼ੁੱਕਰਵਾਰ ਰਾਤ ਨੂੰ ਲਗਭਗ ਪੰਜ ਤੋਂ ਅੱਠ ਗੋਲੀਆਂ ਦੀ ਆਵਾਜ਼ ਸੁਣੀ ਸੀ।