ਪੇਰੂ ‘ਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਸ਼ਾਪਿੰਗ ਸੈਂਟਰ ਦੇ ਫੂਡ ਕੋਰਟ ਦੀ ਛੱਤ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 78 ਜ਼ਖਮੀ ਹੋ ਗਏ। ਇਹ ਘਟਨਾ ਉੱਤਰੀ ਪੇਰੂ ਦੇ ਇੱਕ ਸ਼ਹਿਰ ਦੀ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਹਾਦਸਾ ਰਾਜਧਾਨੀ ਲੀਮਾ ਤੋਂ ਕਰੀਬ 500 ਕਿਲੋਮੀਟਰ ਉੱਤਰ ਵਿੱਚ ਸਥਿਤ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਟਰੂਜਿਲੋ ਦੇ ਰੀਅਲ ਪਲਾਜ਼ਾ ਸ਼ਾਪਿੰਗ ਕੰਪਲੈਕਸ ਵਿੱਚ ਵਾਪਰਿਆ। ਰੱਖਿਆ ਮੰਤਰੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਟਰੂਜਿਲੋ ਦੇ ਇਕ ਸ਼ਾਪਿੰਗ ਮਾਲ ਦੀ ਭਾਰੀ ਲੋਹੇ ਦੀ ਛੱਤ ਉੱਥੇ ਮੌਜੂਦ ਦਰਜਨਾਂ ਲੋਕਾਂ ‘ਤੇ ਡਿੱਗ ਗਈ। ਰੱਖਿਆ ਮੰਤਰੀ ਵਾਲਟਰ ਅਸਟੁਡੀਲੋ ਨੇ ਸ਼ਨੀਵਾਰ ਨੂੰ ਕਿਹਾ ਕਿ ਲਾ ਲਿਬਰਟੈਡ ‘ਚ ਸਥਾਨਕ ਫਾਇਰ ਬ੍ਰਿਗੇਡ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਮਾਰਤ ਡਿੱਗਣ ਨਾਲ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਛੇਵੇਂ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।
