ਛੱਤੀਸਗੜ੍ਹ ਦੇ ਕਾਂਕੇਰ/ਪਖਨਜੂਰ ‘ਚ ਪਾਰਟੀ ਕਰਦੇ ਸਮੇਂ ਡੈਮ ‘ਚ ਡਿੱਗੇ ਡੇਢ ਲੱਖ ਰੁਪਏ ਦੀ ਕੀਮਤ ਦੇ ਮੋਬਾਈਲ ਲਈ ਡੈਮ ਖਾਲੀ ਕਰਵਾਉਣ ਵਾਲਾ ਫੂਡ ਇੰਸਪੈਕਟਰ ਰਾਜੇਸ਼ ਵਿਸ਼ਵਾਸ ਹੁਣ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਮਾਮਲਾ ਵਧਦੇ ਹੀ ਕਲੈਕਟਰ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਸੀ। ਪਰ ਇਸ ਦੌਰਾਨ ਹੁਣ ਫੂਡ ਇੰਸਪੈਕਟਰ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਫੂਡ ਇੰਸਪੈਕਟਰ ‘ਹੀਰੋਗਿਰੀ’ ਦਾ ਸ਼ੌਕੀਨ ਹੈ। ਇੰਨ੍ਹਾਂ ਤਸਵੀਰਾਂ ‘ਚ ਫੂਡ ਇੰਸਪੈਕਟਰ ਵੱਖਰੇ-ਵੱਖਰੇ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ 21 ਮਈ ਨੂੰ ਪਖਨਜੂਰ ‘ਚ ਤਾਇਨਾਤ ਫੂਡ ਇੰਸਪੈਕਟਰ ਵਿਸ਼ਵਾਸ ਆਪਣੇ ਦੋਸਤਾਂ ਨਾਲ ਪਰਲਕੋਟ ਡੈਮ ਦੇ ਸਕੇਲ ਵਾਈ ‘ਤੇ ਪਾਰਟੀ ਮਨਾਉਣ ਗਿਆ ਸੀ। ਪਰ ਇਸ ਦੌਰਾਨ ਉਸ ਦਾ ਮੋਬਾਈਲ ਡੈਮ ਵਿੱਚ ਡਿੱਗ ਗਿਆ ਸੀ। ਉਸ ਸਮੇਂ ਸਕੇਲ ਵਾਈ ਦਾ ਪਾਣੀ ਦਾ ਪੱਧਰ 10 ਫੁੱਟ ਸੀ। ਅਗਲੇ ਦਿਨ, ਕਥਿਤ ਤੌਰ ‘ਤੇ ਐਸਡੀਓ ਤੋਂ ਇਜਾਜ਼ਤ ਲੈਣ ਤੋਂ ਬਾਅਦ, ਵਿਸ਼ਵਾਸ ਨੇ ਡੈਮ ਤੋਂ ਪਾਣੀ ਕੱਢਣ ਲਈ 30 ਐਚਪੀ ਦੇ ਦੋ ਪੰਪ ਲਗਵਾ ਦਿੱਤੇ।
ਪਰ ਇਸ ਮਗਰੋਂ ਜਦੋਂ ਇਹ ਮਾਮਲਾ ਸਭ ਦੇ ਸਾਹਮਣੇ ਆਇਆ ਤਾਂ ਇਸ ‘ਤੇ ਵਿਵਾਦ ਸ਼ੁਰੂ ਹੋ ਗਿਆ ਜਿਸ ਮਗਰੋਂ ਪ੍ਰਸ਼ਾਸਨ ਨੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ। ਪਤਾ ਲੱਗਾ ਹੈ ਕਿ ਡੈਮ ਤੋਂ ਕਰੀਬ 41 ਲੱਖ ਲੀਟਰ ਪਾਣੀ ਛੱਡਿਆ ਗਿਆ ਹੈ। ਸੀਐਮ ਭੁਪੇਸ਼ ਬਘੇਲ ਦੀ ਨਾਰਾਜ਼ਗੀ ਤੋਂ ਬਾਅਦ ਕਲੈਕਟਰ ਨੇ ਫੂਡ ਇੰਸਪੈਕਟਰ ਵਿਸ਼ਵਾਸ ਨੂੰ ਮੁਅੱਤਲ ਕਰ ਦਿੱਤਾ ਹੈ। ਪਰ ਇਸ ਦੌਰਾਨ ਫੂਡ ਇੰਸਪੈਕਟਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਵਿੱਚੋ ਇੱਕ ‘ਚ ਫੂਡ ਇੰਸਪੈਕਟਰ ਰਾਜੇਸ਼ ਵਿਸ਼ਵਾਸ ਡੈਮ ’ਚੋਂ ਪਾਣੀ ਕੱਢਣ ਸਮੇਂ ਛੱਤਰੀ ਲੈ ਕੇ ਡੈਮ ਦੇ ਕਿਨਾਰਾ ਬੈਠਾ ਦਿਖਾਈ ਦੇ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਹ ਮੋਬਾਈਲ ਲੱਭਣ ਲਈ ਗੋਤਾਖੋਰਾਂ ਨੂੰ ਵੀ ਮਿਲਿਆ ਸੀ ਪਰ ਗੱਲ ਨਹੀਂ ਬਣੀ ਤੇ ਜਦੋਂ ਡੈਮ ਦਾ ਪਾਣੀ ਕੱਢਣ ਮਗਰੋਂ ਮੋਬਾਈਲ ਮਿਲਿਆ ਤਾਂ ਉਹ on ਵੀ ਨਹੀਂ ਹੋਇਆ। ਇਸ ਤੋਂ ਬਾਅਦ ਵਿੱਚ ਇਹ ਮਾਮਲਾ ਮੀਡੀਆ ਵਿੱਚ ਆ ਗਿਆ।
ਇਸ ਤੋਂ ਬਾਅਦ ਮੀਡੀਆ ਰਿਪੋਰਟਾਂ ਦੇ ਆਧਾਰ ‘ਤੇ ਕੁਲੈਕਟਰ ਨੇ 26 ਮਈ ਨੂੰ ਫੂਡ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਐਸ.ਡੀ.ਓ ਤੋਂ ਵਾਟਰ ਸ਼ੈੱਡ ਦਾ ਖਰਚਾ ਵਸੂਲਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੀਐਮ ਭੁਪੇਸ਼ ਬਘੇਲ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਇਸ ‘ਤੇ ਤੁਰੰਤ ਕਾਰਵਾਈ ਕਰਨ ਦੀ ਗੱਲ ਕਹੀ ਸੀ। ਭਾਜਪਾ ਵਿਧਾਇਕ ਅਜੈ ਚੰਦਰਾਕਰ ਨੇ ਵੀ ਸੋਸ਼ਲ ਮੀਡੀਆ ਰਾਹੀਂ ਇਹ ਮਾਮਲਾ ਚੁੱਕਿਆ ਸੀ। ਇਸ ਮਾਮਲੇ ‘ਚ ਕੁਲੈਕਟਰ ਨੇ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ। ਜਿਸ ‘ਤੇ ਫੂਡ ਇੰਸਪੈਕਟਰ ਨੇ ਦਲੀਲ ਦਿੱਤੀ ਕਿ ਮੋਬਾਈਲ ਵਿੱਚ ਮਹੱਤਵਪੂਰਨ ਅਧਿਕਾਰਤ ਡੇਟਾ ਸੀ। ਪਰ ਇਸ ਮਾਮਲੇ ਨੇ ਫੂਡ ਇੰਸਪੈਕਟਰ ਦੀ ਹੀਰੋਗਿਰੀ ਦਾ ਪਰਦਾਫਾਸ਼ ਕਰ ਦਿੱਤਾ।