ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਮਲਿਕ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਸ਼ਨੀਵਾਰ ਸਵੇਰੇ ਉਨ੍ਹਾਂ ਨੇ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ, ਸ਼ੋਏਬ ਦਾ ਵਿਆਹ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਹੋਇਆ ਹੈ। ਸ਼ੋਏਬ ਦਾ ਵਿਆਹ ਇਸ ਤੋਂ ਪਹਿਲਾਂ ਭਾਰਤ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨਾਲ ਹੋਇਆ ਸੀ ਪਰ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਆਈਆਂ ਸਨ।ਇਸ ਦੌਰਾਨ ਸ਼ੋਏਬ ਮਲਿਕ ਦੇ ਵਿਆਹ ਦੀ ਤਸਵੀਰ ਸਾਹਮਣੇ ਆਈ ਹੈ।
ਦੋ ਦਿਨ ਪਹਿਲਾਂ ਹੀ ਸਾਨੀਆ ਮਿਰਜ਼ਾ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ‘ਚ ਉਸ ਨੇ ਲਿਖਿਆ ਸੀ ਕਿ ਤਲਾਕ ਲੈਣਾ ਬਹੁਤ ਮੁਸ਼ਕਲ ਹੈ ਅਤੇ ਵਿਆਹ ਵੀ ਬਹੁਤ ਮੁਸ਼ਕਲ ਹੈ। ਉਦੋਂ ਇਹ ਸੰਕੇਤ ਸਾਹਮਣੇ ਆ ਰਹੇ ਸਨ ਕਿ ਸ਼ਾਇਦ ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਦਾ ਤਲਾਕ ਹੋ ਗਿਆ ਹੈ। ਪਿਛਲੇ ਇੱਕ ਸਾਲ ਤੋਂ ਅਜਿਹੀਆਂ ਅਫਵਾਹਾਂ ਚੱਲ ਰਹੀਆਂ ਸਨ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ ਨਹੀਂ ਹੈ ਅਤੇ ਉਹ ਵੱਖ ਹੋ ਸਕਦੇ ਹਨ, ਜਿਸ ਦੀ ਹੁਣ ਪੁਸ਼ਟੀ ਹੋ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਦਾ ਵਿਆਹ 12 ਅਪ੍ਰੈਲ 2010 ਨੂੰ ਹੋਇਆ ਸੀ, ਓਦੋਂ ਭਾਰਤ ਵਿੱਚ ਇਸ ਮੁੱਦੇ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਦੋਹਾਂ ਦਾ ਵਿਆਹ ਹੈਦਰਾਬਾਦ ‘ਚ ਹੋਇਆ ਸੀ ਅਤੇ ਸਾਲ 2018 ‘ਚ ਉਨ੍ਹਾਂ ਦਾ ਇਕ ਬੇਟਾ ਹੋਇਆ ਸੀ। ਪਰ ਕੋਰੋਨਾ ਤੋਂ ਬਾਅਦ ਦੋਵਾਂ ਵਿਚਾਲੇ ਫਰਕ ਪੈ ਗਿਆ ਸੀ ਅਤੇ ਦੋਵੇਂ ਵੱਖ-ਵੱਖ ਰਹਿ ਰਹੇ ਸਨ, ਹਾਲਾਂਕਿ ਕੁਝ ਸਮਾਂ ਪਹਿਲਾਂ ਸਾਨੀਆ ਅਤੇ ਸ਼ੋਏਬ ਨੇ ਇਕੱਠੇ ਇਕ ਪਾਕਿਸਤਾਨੀ ਸ਼ੋਅ ਨੂੰ ਹੋਸਟ ਵੀ ਕੀਤਾ ਸੀ।
41 ਸਾਲ ਦੇ ਸ਼ੋਏਬ ਮਲਿਕ ਨੇ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸਾਨਾ ਜਾਵੇਦ ਪਾਕਿਸਤਾਨੀ ਟੀਵੀ ਅਦਾਕਾਰਾ ਹੈ ਅਤੇ ਇਹ ਉਨ੍ਹਾਂ ਦਾ ਵੀ ਦੂਜਾ ਵਿਆਹ ਹੈ। ਸਨਾ ਜਾਵੇਦ ਪਹਿਲਾਂ ਪਾਕਿਸਤਾਨੀ ਗਾਇਕ ਉਮਰ ਜਸਵਾਲ ਨਾਲ ਰਿਲੇਸ਼ਨਸ਼ਿਪ ‘ਚ ਸੀ ਪਰ ਹੁਣ ਉਨ੍ਹਾਂ ਨੇ ਸ਼ੋਏਬ ਮਲਿਕ ਨਾਲ ਵਿਆਹ ਕਰਵਾ ਲਿਆ ਹੈ। ਸਨਾ ਅਤੇ ਉਮਰ ਨੇ ਵੀ ਆਪਣੀਆਂ ਸਾਰੀਆਂ ਪੁਰਾਣੀਆਂ ਫੋਟੋਆਂ ਇੰਸਟਾਗ੍ਰਾਮ ਤੋਂ ਡਿਲੀਟ ਕਰ ਦਿੱਤੀਆਂ ਹਨ। ਸਨਾ ਦਾ ਪਹਿਲਾ ਵਿਆਹ ਸਾਲ 2020 ‘ਚ ਹੋਇਆ ਸੀ, ਜਦਕਿ ਹੁਣ ਉਨ੍ਹਾਂ ਦਾ ਦੂਜਾ ਵਿਆਹ ਸਾਲ 2024 ‘ਚ ਹੋਇਆ ਹੈ।