ਪੰਜਾਬ ਭਾਜਪਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲੀ ਨਵੰਬਰ ਨੂੰ ਸੱਦੀ ਗਈ ਖੁੱਲ੍ਹੀ ਬਹਿਸ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਸਬੰਧੀ ਪਾਰਟੀ ਦਾ ਸਟੈਂਡ ਸਪੱਸ਼ਟ ਕਰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਅਕਾਲੀ ਦਲ ਇਸ ਬਹਿਸ ਵਿੱਚ ਹਿੱਸਾ ਨਹੀਂ ਲਵੇਗਾ। ਮੁੱਖ ਮੰਤਰੀ ਮਾਨ ਪੰਜਾਬੀਆਂ ਨੂੰ ਵੰਡਣ ਲਈ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ‘ਤੇ 1 ਨਵੰਬਰ ਨੂੰ ਦਿਖਾਵੀਂ ਬਹਿਸ ਕਰ ਰਹੇ ਹਨ ਅਤੇ ਅਕਾਲੀ ਦਲ ਇਸ ਪੰਜਾਬ ਵਿਰੋਧੀ ਕਵਾਇਦ ਦਾ ਹਿੱਸਾ ਨਹੀਂ ਬਣੇਗਾ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਕੇਂਦਰੀ ਸਰਵੇਖਣ ਟੀਮ 1 ਨਵੰਬਰ ਨੂੰ ਪੰਜਾਬ ਆਵੇਗੀ। ਸਾਡਾ ਪੂਰਾ ਧਿਆਨ ਇਸ ਗੱਲ ‘ਤੇ ਹੋਵੇਗਾ ਕਿ ਇਹ ਟੀਮ ਪੰਜਾਬ ਦੀ ਧਰਤੀ ‘ਤੇ ਕੋਈ ਸਰਵੇਖਣ ਨਾ ਕਰੇ। ਅਸੀਂ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਦੇ ਸ਼ੁਰੂਆਤੀ ਬਿੰਦੂ, ਕੀਰਤਪੁਰ ਨੇੜੇ ਲੁਧਿ ਖੱਡ ਅਤੇ ਪਟਿਆਲਾ ਜ਼ਿਲ੍ਹੇ ਦੇ ਕਪੂਰੀ ਪਿੰਡ ਵਿਖੇ ਇਸਦੇ ਅੰਤਮ ਬਿੰਦੂ ‘ਤੇ ਸਰਵੇਖਣ ਲਈ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰਾਂਗੇ।