ਪਾਕਿਸਤਾਨ ‘ਚ ਅੱਜ ਤੋਂ ‘ਸ਼ਾਹਬਾਜ਼ ਯੁੱਗ’ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਸ਼ਾਹਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਹੈ। ਸ਼ਾਹਬਾਜ਼ ਸ਼ਰੀਫ਼ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਦੇ ਪ੍ਰਧਾਨ ਹਨ। ਕੱਲ੍ਹ ਤੱਕ ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਸਨ, ਪਰ ਅੱਜ ਤੋਂ ਸ਼ਾਹਬਾਜ਼ ‘ਵਜ਼ੀਰ-ਏ-ਆਜ਼ਮ’ ਹੋਣਗੇ।
ਉਨ੍ਹਾਂ ਦੇ ਹੱਕ ਵਿੱਚ 174 ਵੋਟਾਂ ਪਈਆਂ ਹਨ। ਸਪੀਕਰ ਅਯਾਜ਼ ਸਾਦਿਕ ਨੇ ਇਹ ਐਲਾਨ ਕੀਤਾ। ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਸੰਸਦ ਮੈਂਬਰਾਂ ਵੱਲੋਂ ਸੰਸਦ ਵਿੱਚ ਵੋਟਿੰਗ ਦਾ ਬਾਈਕਾਟ ਕੀਤਾ ਗਿਆ। ਸ਼ਾਹਬਾਜ਼ ਸ਼ਰੀਫ ਭਾਰਤੀ ਸਮੇਂ ਅਨੁਸਾਰ ਰਾਤ ਕਰੀਬ 8.30 ਵਜੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਸ਼ਾਹਬਾਜ਼ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਸ਼ਾਹਬਾਜ਼ ਸ਼ਰੀਫ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਹਨ। ਸੰਸਦ ‘ਚ ਵੋਟਿੰਗ ਦੌਰਾਨ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਵੀ ਦਰਸ਼ਕ ਗੈਲਰੀ ‘ਚ ਮੌਜੂਦ ਸੀ। ਸ਼ਾਹਬਾਜ਼ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ।