ਪੰਜਾਬੀ ਗਾਇਕ ਸ਼ੈਰੀ ਮਾਨ ਨੇ ਗਾਇਕ ਪਰਮੀਸ਼ ਵਰਮਾ ਨੂੰ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਇੱਕ ਵਾਰ ਫਿਰ ਗਾਲ੍ਹਾਂ ਕੱਢੀਆਂ ਨੇ। ਮਾਨ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੋਏ ਪਰਮੀਸ਼ ਵਰਮਾ ਦੇ ਖਿਲਾਫ ਦਿਲ ਦੀ ਭੜਾਸ ਕੱਢੀ ਹੈ। ਸ਼ੈਰੀ ਨੇ ਪਰਮੀਸ਼ ਦੇ ਫੈਨਜ਼ ਨੂੰ ਕਿਹਾ ਕਿ ਜਾ ਕੇ ਆਪਣੇ ਪਰਮੀਸ਼ ਨੂੰ ਦੱਸ ਦੋ ਕਿ ਸ਼ੈਰੀ ਇੰਡੀਆ ਆ ਰਿਹਾ। ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਮੈਂ ਇੰਡੀਆ ਆਵਾਂਗਾ ਤਾਂ ਉਹ ਜਿੱਥੇ ਮਰਜ਼ੀ ਆ ਕੇ ਮੈਨੂੰ ਮਿਲ ਲਏ। ਜੱਟ ਦਾ ਭਾਈ ਸੀ.ਐਮ. ਆ। ਸਿੱਧੀ ਸਕਿਉਰਟੀ ਮਿਲੂਗੀ ਜੇ ਉਹ ਵੀ ਲੈਣੀ ਚਾਹੁੰਦਾ ਹੈ ਤਾਂ ਦੱਸ ਦੇ। ਸ਼ੈਰੀ ਨੇ ਕਿਹਾ ਕਿ ਜੇਕਰ ਪਰਮੀਸ਼ ਉਸ ਨਾਲ ਪੰਗਾ ਲੈਂਦਾ ਹੈ ਤਾਂ ਉਹ ਜਾਣਦਾ ਹੈ ਕਿ ਸ਼ੈਰੀ ਕੀ ਕਰ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼ੈਰੀ ਮਾਨ ਨਾਲ ਕਾਫੀ ਕਰੀਬੀ ਹਨ। ਸ਼ੈਰੀ ਮਾਨ ਚੋਣਾਂ ਵੇਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਕਾਰ ਵਿੱਚ ਹੀ ਹੁੰਦੇ ਸਨ। ਸ਼ੈਰੀ ਨੇ ਪਿੰਡ-ਪਿੰਡ ਭਗਵੰਤ ਮਾਨ ਲਈ ਚੋਣ ਪ੍ਰਚਾਰ ਵੀ ਕੀਤਾ ਸੀ ਅਤੇ ਰੋਡ ਸ਼ੋਅ ਵਿੱਚ ਵੀ ਲੋਕਾਂ ਅਤੇ ਉਨ੍ਹਾਂ ਦੇ ਚਹੇਤਿਆਂ ਤੋਂ ਭਗਵੰਤ ਲਈ ਵੋਟਾਂ ਮੰਗੀਆਂ ਸਨ। ਹੁਣ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਨ ਤਾਂ ਕਿਤੇ ਨਾ ਕਿਤੇ ਸ਼ੈਰੀ ਨੂੰ ਵੀ ਇਸ ਗੱਲ ਦਾ ਮਾਣ ਹੈ, ਪਰ ਉਸ ਤੋਂ ਵੀ ਵੱਧ ਸ਼ਇਦ ਘਮੰਡ ਹੈ, ਕਿਉਂਕਿ ਉਹ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਮੁੱਖ ਮੰਤਰੀ ਨੂੰ ਆਪਣਾ ਭਰਾ ਦੱਸ ਕੇ ਪਰਮੀਸ਼ ਵਰਮਾ ਨੂੰ ਸਿੱਧੇ ਤੌਰ ‘ਤੇ ਗਾਲ੍ਹਾਂ ਕੱਢ ਰਿਹਾ ਹੈ ਪਰਮੀਸ਼ ਨੂੰ ਕਿਤੇ ਵੀ ਆਉਣ ਅਤੇ ਮਿਲਣ ਦੀ ਚੁਣੌਤੀ ਦੇ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਗਾਇਕ ਪਰਮੀਸ਼ ਵਰਮਾ ਵੀ ਸ਼ੈਰੀ ਮਾਨ ਦਾ ਖਾਸ ਦੋਸਤ ਹੁੰਦਾ ਸੀ। ਪਰ ਪਰਮੀਸ਼ ਦੇ ਵਿਆਹ ਵਾਲੇ ਦਿਨ ਮੋਬਾਈਲ ਫੋਨ ਨੂੰ ਲੈ ਕੇ ਹੋਈ ਅਣਬਣ ਤੋਂ ਬਾਅਦ ਦੋਵਾਂ ਵਿਚਕਾਰ ਤਕਰਾਰ ਕਾਫੀ ਵੱਧ ਗਈ ਹੈ।