ਅੱਜ ਦੇਸ਼ ਲਈ ਆਪਣੀ ਜਾਨ ਵਾਰਨ ਵਾਲੇ ਭਾਰਤੀ ਆਜ਼ਾਦੀ ਘੁਲਾਟੀਏ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 115 ਵਾਂ ਜਨਮਦਿਨ ਮਨਾਇਆ ਜਾ ਰਿਹਾ ਹੈ। ਅੱਜ, ਇਸ ਮੌਕੇ ਤੇ, ਦੇਸ਼ ਆਪਣੇ ਨਾਇਕ ਨੂੰ ਯਾਦ ਕਰ ਰਿਹਾ ਹੈ। ਭਗਤ ਸਿੰਘ ਦਾ ਨਾਮ ਉਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਵਿੱਚ ਸ਼ਾਮਿਲ ਹੈ, ਜਿੰਨਾਂ ਨੇ ਭਾਰਤ ਦੀ ਆਜ਼ਾਦੀ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ। 1907 ਵਿੱਚ ਜਨਮੇ, ਭਗਤ ਸਿੰਘ ਨੂੰ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਖੜ੍ਹੇ ਹੋਣ ਦੇ ਹੌਸਲੇ ਅਤੇ ਦਲੇਰੀ ਲਈ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਆਪਣੇ ਵਿਚਾਰਾਂ ਅਤੇ ਮਹਾਨ ਕੁਰਬਾਨੀ ਰਾਹੀਂ ਭਾਰਤੀ ਸੁਤੰਤਰਤਾ ਸੰਗਰਾਮ ਨੂੰ ਇੱਕ ਨਵੀਂ ਦਿਸ਼ਾ ਵੀ ਦਿੱਤੀ ਸੀ।
ਭਗਤ ਸਿੰਘ ਨੇ ਦੇਸ਼ ਲਈ ਜਦੋਂ ਕੁਰਬਾਨੀ ਦਿੱਤੀ ਸੀ ਤਾਂ ਉਸ ਸਮੇ ਉਹ ਸਿਰਫ 23 ਸਾਲਾਂ ਦੇ ਸੀ। ਭਗਤ ਸਿੰਘ ਨੂੰ ਉਨ੍ਹਾਂ ਦੇ ਨੇੜਲੇ ਸਾਥੀਆਂ ਸਮੇਤ ਰਾਜਗੁਰੂ ਅਤੇ ਸੁਖਦੇਵ ਨਾਲ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੂੰ ਬ੍ਰਿਟਿਸ਼ ਪੁਲਿਸ ਅਧਿਕਾਰੀ ਜੌਹਨ ਸਾਂਡਰਸ ਦੀ ਹੱਤਿਆ ਦੇ ਦੋਸ਼ਾਂ ਤਹਿਤ ਫਾਂਸੀ ਦਿੱਤੀ ਗਈ ਸੀ। ਸੋਸ਼ਲ ਮੀਡੀਆ ‘ਤੇ ਹਰ ਕੋਈ ਭਗਤ ਸਿੰਘ ਨੂੰ ਸਲਾਮ ਕਰ ਰਿਹਾ ਹੈ, ਦੇਸ਼ ਦੇ ਕਈ ਦਿੱਗਜਾਂ ਨੇ ਵੀ ਮੰਗਲਵਾਰ ਨੂੰ ਟਵੀਟ ਕਰਕੇ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।