ਆਕਲੈਂਡ ਮੰਗਲਵਾਰ ਨੂੰ ਇੱਕ ਵਾਰ ਫਿਰ ਤੋਂ ਮੌਸਮ ਦੀ ਮਾਰ ਝੱਲ ਰਿਹਾ ਹੈ। ਮੰਗਲਵਾਰ ਨੂੰ ਸਵੇਰੇ ਪੂਰੇ ਖੇਤਰ ਵਿੱਚ ਇੱਕ ਤੇਜ਼ ਹਨੇਰੀ ਆਈ ਹੈ, ਜਿਸ ਦੌਰਾਨ ਹਵਾਵਾਂ ਦੀ ਰਫਤਾਰ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਹੀ ਹੈ। ਸਵੇਰੇ ਆਏ ਤੂਫ਼ਾਨੀ ਝੱਖੜ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਸ ਤੂਫ਼ਾਨ ਕਾਰਨ ਪ੍ਰਭਾਵਿਤ ਹੋਏ ਹਨ। ਤੇਜ਼ ਹਨੇਰੀ ਨੇ ਬੱਤੀ ਗੁੱਲ ਕਰ ਦਿੱਤੀ ਹੈ ਅਤੇ ਸੈਂਕੜੇ ਦਰੱਖਤਾਂ ਨੂੰ ਜੜ੍ਹ ਤੋਂ ਪੱਟ ਕੇ ਧਰਤੀ ਕੇ ਸੁੱਟ ਦਿੱਤਾ। ਉੱਥੇ ਹੀ ਦਰਖਤਾਂ ਦੇ ਡਿੱਗਣ ਕਰਕੇ ਕਈ ਸੜਕਾਂ ਬੰਦ ਹੋ ਗਈਆਂ ਤੇ ਸਫ਼ਰ ਕਰਨ ਵਾਲੇ ਰਾਹਗ਼ੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਮੇ ਵੀ ਕੁੱਝ ਬਿਜਲੀ ਦੀਆਂ ਲਾਈਨਾਂ ਬੰਦ ਹਨ ਅਤੇ ਸੜਕਾਂ ਮਲਬੇ ਕਾਰਨ ਬੰਦ ਪਈਆਂ ਹਨ।
ਆਕਲੈਂਡ Harbour Bridge ਦੀ ਘੱਟ ਗਤੀ ਸੀਮਾ ਦੇ ਕਾਰਨ ਇਹ ਕੁੱਝ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਵੀ ਬਣ ਸਕਦਾ ਹੈ। Waka Kotahi ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ (NZTA) ਨੇ ਪੁਲ ‘ਤੇ ਸਫਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਹੈ ਕਿ, “ਤੇਜ਼ ਹਵਾਵਾਂ ਦੇ ਕਾਰਨ ਸਪੀਡ ਸੀਮਾ ਘੱਟ ਅਤੇ ਲੇਨ ਵਿੱਚ ਕਟੌਤੀ ਹੋਈ ਹੈ। ਸਾਰੇ ਵਾਹਨਾਂ ਦੇ ਲਈ ਵਾਧੂ ਦੇਖਭਾਲ ਦੀ ਲੋੜ ਹੈ।” ਫਿਲਹਾਲ ਐਮਰਜੈਂਸੀ ਸੇਵਾਵਾਂ ਦੁਆਰਾ ਰਾਹਤ ਕਾਰਜ ਤੇਜ਼ੀ ਨਾਲ ਚਲਾਏ ਜਾਂ ਰਹੇ ਹਨ, ਤਾਂ ਕਿ ਲੋਕਾਂ ਨੂੰ ਜਿਆਦਾ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਏ।