ਪਾਕਿਸਤਾਨ ਦੇ ਅਸ਼ਾਂਤ ਖ਼ੈਬਰ ਪਖ਼ਤੋਨਖ਼ਵਾ ਸੂਬੇ ਤੋਂ ਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਓਰਕਜ਼ਈ ਦੀ ਡੋਲੀ ਲੋਅਰ ਕੋਲਾ ਖਾਨ ਵਿੱਚ ਵੱਡਾ ਧਮਾਕਾ ਹੋਇਆ ਹੈ। ਇਸ ਵਿੱਚ ਘੱਟੋ-ਘੱਟ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਤਿੰਨ ਜ਼ਖ਼ਮੀ ਹੋ ਗਏ। ਇਸ ਸਬੰਧੀ ਜਾਣਕਾਰੀ ਜ਼ਿਲ੍ਹਾ ਪੁਲਿਸ ਅਧਿਕਾਰੀ (ਡੀ.ਪੀ.ਓ.) ਨੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਗੈਸ ਵਿਸਫੋਟ ਕਾਰਨ ਵਾਪਰਿਆ ਹੈ।
ਧਮਾਕੇ ਤੋਂ ਬਾਅਦ ਇੱਥੇ ਹੜਕੰਪ ਮਚ ਗਿਆ। ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀਪੀਓ ਨੇ ਦੱਸਿਆ ਕਿ ਹਾਦਸਾ ਗੈਸ ਫਟਣ ਕਾਰਨ ਵਾਪਰਿਆ, ਜਿਸ ‘ਚ 7 ਲੋਕਾਂ ਦੀ ਮੌਤ ਹੋ ਗਈ ਜਦਕਿ 3 ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਮਜ਼ਦੂਰਾਂ ਨੂੰ ਕੋਹਾਟ ਡਿਵੀਜ਼ਨਲ ਹੈੱਡਕੁਆਰਟਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਬਲੋਚਿਸਤਾਨ ਦੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐਮਏ) ਨੇ ਕਿਹਾ ਹੈ ਕਿ ਤਿੰਨ ਜ਼ਖ਼ਮੀ ਮਜ਼ਦੂਰਾਂ ਨੂੰ ਟਰਾਮਾ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਡੀਜੀ ਪੀਡੀਐਮਏ ਨੇ ਕਿਹਾ, ਕੋਲਾ ਖਾਨ ਅੰਦਰ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਵੇਟਾ ਦੇ ਸਾਰਾਗੜ੍ਹੀ ਇਲਾਕੇ ‘ਚ ਸਥਿਤ ਕੋਲੇ ਦੀ ਖਾਨ ‘ਚ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਸੀ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ ਸਨ।