ਵਾਈਕਾਟੋ ਵਿੱਚ ਅੱਜ ਸਵੇਰੇ ਸਟੇਟ ਹਾਈਵੇਅ 29 ਉੱਤੇ ਦੋ ਵਾਹਨਾਂ ਦੀ ਟੱਕਰ ਵਿੱਚ ਸੱਤ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਹੈ, ਜਾਣਕਾਰੀ ਅਨੁਸਾਰ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੂੰ ਸਵੇਰੇ 11.05 ਵਜੇ ਕਾਰਪਿਰੋ ਵਿੱਚ ਟੋਟਮੈਨ ਰੋਡ ਦੇ ਨੇੜੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ ਅਤੇ ਉਹ ਵਾਹਨ ਚਾਲਕਾਂ ਨੂੰ ਜਿੱਥੇ ਵੀ ਸੰਭਵ ਹੋ ਸਕੇ ਵਿਕਲਪਕ ਰੂਟ ਲੈਣ ਦੀ ਸਲਾਹ ਦਿੰਦੇ ਹਨ। ਇੱਕ ਬਿਆਨ ਵਿੱਚ, ਸੇਂਟ ਜੌਨ ਨੇ ਕਿਹਾ ਕਿ ਸੱਤ ਮਰੀਜ਼ਾਂ ਨੂੰ ਚਾਰ ਐਂਬੂਲੈਂਸਾਂ ਅਤੇ ਇੱਕ ਹੈਲੀਕਾਪਟਰ ਰਾਹੀਂ ਵਾਈਕਾਟੋ ਹਸਪਤਾਲ ਲਿਜਾਇਆ ਗਿਆ ਹੈ।
ਇਸ ਦੌਰਾਨ ਬੁੱਧਵਾਰ ਦੁਪਹਿਰ ਵੇਲੇ ਪੁਕੇਕੋਹੇ ਦੇ ਦੱਖਣ ਵਿੱਚ ਤੁਆਕਾਉ ਨੇੜੇ ਇੱਕ ਵੱਖਰੇ ਹਾਦਸੇ ਵਿੱਚ ਦੋ ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸ਼ਾਮ 4.20 ਵਜੇ ਦੇ ਕਰੀਬ ਬਕਲੈਂਡ ਰੋਡ ‘ਤੇ ਹੋਇਆ ਹੈ। ਇਸ ਹਾਦਸੇ ‘ਚ ਇੱਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਦਕਿ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਟ੍ਰੈਫਿਕ ਪ੍ਰਬੰਧ ਠੀਕ-ਠਾਕ ਹਨ ਅਤੇ ਸੜਕ ਕਈ ਘੰਟੇ ਬੰਦ ਰਹਿਣ ਦੀ ਸੰਭਾਵਨਾ ਹੈ।