ਨਿਊਜ਼ੀਲੈਂਡ ‘ਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਲੁਟੇਰੇ ਆਏ ਦਿਨ ਹੀ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਕ੍ਰਾਈਸਚਰਚ ਦੇ ਸੱਤ ਕਾਰੋਬਾਰਾਂ ਨੂੰ ਰਾਤੋ-ਰਾਤ ਨਿਸ਼ਾਨਾ ਬਣਾਉਣ ਦਾ ਸਾਹਮਣੇ ਆਇਆ ਹੈ। ਰਿਪੋਰਟਾਂ ਅਨੁਸਾਰ ਪੰਜ ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸੱਤ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇੰਨਾਂ ਵਾਰਦਾਤਾਂ ਤੋਂ ਬਾਅਦ ਕਰਮਚਾਰੀ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਦੇ ਵਿੱਚ ਹਨ।
ਇੱਕ ਦੁਕਾਨਦਾਰ ਪ੍ਰੀਤੀ ਪਟੇਲ ਨੇ ਕਿਹਾ ਕਿ “ਉਨ੍ਹਾਂ ਨੇ ਸਾਡੇ ਪਾਵਰ ਸਿਸਟਮ ਨੂੰ ਨੁਕਸਾਨ ਪਹੁੰਚਾਇਆ ਹੈ, ਉਨ੍ਹਾਂ ਨੇ ਸਾਡੇ ਕਾਊਂਟਰ ਨੂੰ ਨੁਕਸਾਨ ਪਹੁੰਚਾਇਆ ਹੈ ਇਹ ਬਹੁਤ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ, “ਅਥਾਰਟੀ ਵਿੱਚ ਲੋਕ ਹਨ ਜੋ ਕੁਝ ਕਰ ਸਕਦੇ ਹਨ ਪਰ ਕੋਈ ਵੀ ਕੁਝ ਨਹੀਂ ਕਰ ਰਿਹਾ ਹੈ ਅਤੇ ਅਸੀਂ ਇਸਦੀ ਕੀਮਤ ਅਦਾ ਕਰ ਰਹੇ ਹਾਂ।” ਪਟੇਲ ਨੇ ਕਿਹਾ ਕਿ ਦੁਕਾਨਾਂ ਦੇ ਮਾਲਕ ਲਗਾਤਾਰ ਬਰੇਕ-ਇਨ ਦੇ ਸਾਹਮਣੇ ਬੇਵੱਸ ਮਹਿਸੂਸ ਕਰ ਰਹੇ ਹਨ। ਫਿਲਹਾਲ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਚੋਰੀਆਂ ਦਾ ਕੋਈ ਸਬੰਧ ਹੈ। ਪੁਲਿਸ ਨੇ ਕਿਹਾ ਕਿ ਇਸ ਪੜਾਅ ‘ਤੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।