ਬੁੱਧਵਾਰ ਸਵੇਰੇ ਆਕਲੈਂਡ ਦੇ ਸਭ ਤੋਂ ਵਿਅਸਤ ਸ਼ਾਪਿੰਗ ਸੈਂਟਰਾਂ ਵਿੱਚੋਂ ਇੱਕ ‘ਤੇ ਕੈਸ਼-ਇਨ-ਟ੍ਰਾਂਜ਼ਿਟ ਵੈਨ ਦੀ ਲੁੱਟ ਕਰਨ ਅਤੇ ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਹਥਿਆਰਾਂ ਨਾਲ ਧਮਕੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਡਿਟੈਕਟਿਵ ਸੀਨੀਅਰ ਸਾਰਜੈਂਟ ਮਾਰਟਿਨ ਫ੍ਰੈਂਡ ਨੇ ਕਿਹਾ ਕਿ ਦੋ ਲੋਕ, ਜਿਨ੍ਹਾਂ ਵਿੱਚੋਂ ਇੱਕ ਨੇ ਹਥਿਆਰ ਫੜੇ ਹੋਏ ਸਨ, ਸਵੇਰੇ 7.10 ਵਜੇ ਦੇ ਕਰੀਬ ਸਿਲਵੀਆ ਪਾਰਕ ਵਿਖੇ ਇੱਕ ਕਾਰਪਾਰਕ ਇਮਾਰਤ ਵਿੱਚ ਸੁਰੱਖਿਆ ਕਰਮਚਾਰੀਆਂ ਕੋਲ ਪਹੁੰਚੇ। “ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਤੋਂ ਨਕਦੀ ਖੋਹ ਲਈ ਅਤੇ ਇੱਕ ਵਾਹਨ ਵਿੱਚ ਮੌਕੇ ਤੋਂ ਭੱਜ ਗਏ।” ਹਾਲਾਂਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਫ੍ਰੈਂਡ ਨੇ ਕਿਹਾ ਕਿ ਪੁਲਿਸ ਨੂੰ ਰਿਪੋਰਟ ਕੀਤੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਹੀ ਮਾਊਂਟ ਵੈਲਿੰਗਟਨ ਵਿੱਚ ਪੁਲਿਸ ਈਗਲ ਹੈਲੀਕਾਪਟਰ ਅਤੇ ਹੋਰ ਪੁਲਿਸ ਸਟਾਫ ਤਾਇਨਾਤ ਕਰ ਦਿੱਤਾ ਗਿਆ ਸੀ।
