ਆਕਲੈਂਡ ਦੇ ਉਪਨਗਰ ਮਾਊਂਟ ਰੋਸਕਿਲ ਵਿੱਚ ਐਤਵਾਰ ਦੁਪਹਿਰ ਵੇਲੇ ਹਥਿਆਰਾਂ ਨਾਲ ਲੈਸ ਇੱਕ ਗਰੁੱਪ ਵੱਲੋਂ ਕਥਿਤ ਤੌਰ ‘ਤੇ ਇੱਕ ਸਟੋਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਦੌਰਾਨ ਇੱਕ ਸੁਰੱਖਿਆ ਗਾਰਡ ਜ਼ਖਮੀ ਹੋ ਗਿਆ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਲਗਭਗ ਚਾਰ ਜਾਂ ਪੰਜ ਲੋਕ ਸਟੋਡਾਰਡ ਰੋਡ ‘ਤੇ ਸਟੋਰ ਦੇ ਕੋਲ ਪਹੁੰਚੇ ਸਨ ਜਦੋਂ ਉਨ੍ਹਾਂ ਨੂੰ ਸ਼ਾਮ 4 ਵਜੇ ਤੋਂ ਬਾਅਦ ਇੱਕ ਸੁਰੱਖਿਆ ਗਾਰਡ ਨੇ ਰੋਕਿਆ ਸੀ। ਫਿਰ ਲੁਟੇਰਿਆਂ ਨੇ ਸੁਰੱਖਿਆ ਗਾਰਡ ‘ਤੇ ਹਮਲਾ ਕੀਤਾ ਸੀ ਕਿਉਂਕਿ ਸਟੋਰ ਦੇ ਅੰਦਰ ਸਟਾਫ ਨੇ ਲੁਟੇਰਿਆਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਸੁਰੱਖਿਆ ਗਰਿੱਲ ਸੁੱਟ ਦਿੱਤੀ ਸੀ। ਹਮਲੇ ਦੀ ਇੱਕ cctv ਫੁਟੇਜ ਵੀ ਸਾਹਮਣੇ ਆਈ ਹੈ।
ਪੁਲਿਸ ਨੇ ਕਿਹਾ, “ਅਪਰਾਧੀ ਦਰਵਾਜ਼ਾ ਤੋੜ ਅੰਦਰ ਜਾਣ ‘ਚ ਕਾਮਯਾਬ ਰਹੇ ਸੀ ਇਸ ਮਗਰੋਂ ਸੁਰੱਖਿਆ ਗਾਰਡ ਨੂੰ ਜ਼ਖਮੀ ਕਰ ਉੱਥੋਂ ਇੱਕ ਕਾਰ ਵਿੱਚ ਭੱਜ ਗਏ।” ਕਥਿਤ ਤੌਰ ‘ਤੇ ਘਟਨਾ ‘ਚ ਸ਼ਾਮਿਲ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।