ਨਿਊਜ਼ੀਲੈਂਡ ‘ਚ ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਦੇ ਇੱਕ ਤੋਂ ਬਾਅਦ ਇੱਕ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਵਿਚਕਾਰ 16 ਪ੍ਰਵਾਸੀ ਕਰਮਚਾਰੀਆਂ ਦਾ ਸੋਸ਼ਣ ਕਰਨ ਵਾਲੇ ਮਾਲਕ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਗਿਸਬੋਰਨ ਦੀ ਈਜ਼ਟ ਸਕਿਓਰਟੀ ਲਿਮਟਿਡ ਦੀ ਮਾਲਕਣ ਲੀਡੀਆ ਨੋਏ ਐਡਵਰਡਸ ਨੂੰ ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਦੇ ਦੋਸ਼ ਹੇਠ 90 ਘੰਟੇ ਦੇ ਕਮਿਊਨਿਟੀ ਵਰਕ ਦੀ ਸਜਾ ਦੇ ਨਾਲ $15,600 + ਕੋਰਟ ਦੇ ਖਰਚਿਆਂ ਦਾ ਜੁਰਮਾਨਾ ਵੀ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਲੀਡੀਆ ਦੀ ਕੰਪਨੀ ‘ਤੇ ਦੋਸ਼ ਸਨ ਕਿ ਉਨ੍ਹਾਂ ਪ੍ਰਵਾਸੀ ਕਰਮਚਾਰੀਆਂ ਦੇ ਵੀਜਾ ਨਿਯਮਾਂ ਨੂੰ ਅਣਗੋਲਿਆਂ ਕਰ ਉਨ੍ਹਾਂ ਤੋਂ ਕੰਮ ਕਰਵਾਇਆ ਸੀ ਇਸ ਦੇ ਨਾਲ ਨਾਲ ਕਰਮਚਾਰੀਆਂ ਤੋਂ ਲੋੜ ਤੋਂ ਵੱਧ ਕੰਮ ਕਰਵਾਉਂਦਿਆਂ ਉਨ੍ਹਾਂ ਨੂੰ ਸਹੀ ਢੰਗ ਨਾਲ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ, ਅਸਲ ਵਿੱਚ ਇਹ ਕਰਮਚਾਰੀ ਖੇਤੀਬਾੜੀ ਨਾਲ ਸਬੰਧਿਤ ਸਨ।