ਹੈਮਿਲਟਨ ਦੀ ਇੱਕ ਡੇਅਰੀ ਨੂੰ ਇੱਕ ਮਹੀਨੇ ਵਿੱਚ ਦੂਜੀ ਵਾਰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਇਸ ਚੋਰੀ ਦੇ ਕਾਰਨ ਡੇਅਰੀ ਮਾਲਕ ਕਾਫੀ ਪ੍ਰੇਸ਼ਾਨ ਹੈ। ਡੇਅਰੀ ਦੇ ਦੋ ਸਟਾਫ ਮੈਂਬਰ ਇੱਕ ਮਹੀਨੇ ‘ਚ ਦੋ ਵਾਰ ਸਟੋਰ ਲੁੱਟੇ ਜਾਣ ਤੋਂ ਬਾਅਦ ਸਦਮੇ ਵਿੱਚ ਹਨ। ਪਿਛਲੇ ਮਹੀਨੇ ਚਾਕੂਆਂ ਨਾਲ ਲੈਸ ਲੁਟੇਰਿਆਂ ਨੇ ਸਟੋਰ ਦੇ ਤੰਬਾਕੂ ਕੈਬਨਿਟ ‘ਤੇ ਚੋਰੀ ਕਾਰਨ ਤੋਂ ਪਹਿਲਾਂ ਇੱਕ ਗਾਹਕ ਅਤੇ ਡੇਅਰੀ ਦੇ ਸਟਾਫ ਮੈਂਬਰ ਨੂੰ ਧਮਕੀ ਦਿੱਤੀ ਸੀ। ਅਣਪਛਾਤੇ ਸਟਾਫ ਮੈਂਬਰ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਉਹ ਘਬਰਾ ਗਈ ਸੀ।
ਉਸ ਨੇ ਕਿਹਾ ਕਿ “ਉਨ੍ਹਾਂ ਵਿੱਚੋਂ ਇੱਕ ਉਨ੍ਹਾਂ ਪੰਜਾਂ ਛੇ ਮਿੰਟਾਂ ਦੌਰਾਨ ਉਸ ਦੇ ਲੱਕ ‘ਤੇ ਚਾਕੂ ਰੱਖ ਕੇ ਖੜ੍ਹਾ ਸੀ ਤਾਂ ਕਿ ਮੈਂ ਕੁੱਝ ਨਾ ਕਰਾਂ ਅਤੇ ਇਹ ਬਹੁਤ ਡਰਾਉਣਾ ਸੀ। ਉਨ੍ਹਾਂ ਨੇ 20 ਸੈਂਟ, 10 ਸੈਂਟ ਦੇ ਸਿੱਕੇ ਚੋਰੀ ਕੀਤੇ ਅਤੇ ਮੇਰੇ ਚਿਹਰੇ ‘ਤੇ ਵਾਰ ਕਰ ਦਿੱਤਾ।” ਲੁਟੇਰਿਆਂ ਨੇ ਅੱਜ ਸਵੇਰੇ 5 ਵਜੇ ਫਿਰ ਉਸੇ ਡੇਅਰੀ ‘ਤੇ ਹਮਲਾ ਕੀਤਾ ਅਤੇ ਫਿਰ ਤੰਬਾਕੂ ਕੈਬਨਿਟ ਨੂੰ ਨਿਸ਼ਾਨਾ ਬਣਾਇਆ। ਡੇਅਰੀ ਦੇ ਉਪਰ ਰਹਿ ਰਹੇ ਇੱਕ ਅਣਪਛਾਤੇ ਪਾਰਟ-ਟਾਈਮ ਸਟਾਫ ਮੈਂਬਰ ਦਾ ਕਹਿਣਾ ਹੈ ਕਿ ਦੂਜੀ ਘਟਨਾ ਤੋਂ ਬਾਅਦ ਉਸ ਨੂੰ ਆਪਣੀ ਜਾਨ ਦਾ ਖਤਰਾ ਸਤਾ ਰਿਹਾ ਹੈ।
ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੋਵਾਂ ਲੁਟੇਰਿਆਂ ਵੱਲੋ ਚੋਰੀ ਕੀਤੇ ਗਏ ਤੰਬਾਕੂ ਦੀ ਕੀਮਤ 35,000 ਡਾਲਰ ਹੋ ਸਕਦੀ ਹੈ। ਡੇਅਰੀ ਮਾਲਕ ਹੈਰੀ ਲੂਥਰ ਨੇ ਕਿਹਾ ਕਿ, “ਸਿਗਰੇਟ ਉਨ੍ਹਾਂ ਲਈ ਸੋਨਾ ਹੈ।” ਉਨ੍ਹਾਂ ਨੇ ਕਿਹਾ ਕਿ ਚੋਰੀ ਹੋਈਆਂ ਚੀਜ਼ਾਂ ਬਲੈਕ ਮਾਰਕੀਟ ‘ਚ ਵੇਚੀਆਂ ਜਾਣਗੀਆਂ। ਲੂਥਰ ਦਾ ਕਹਿਣਾ ਹੈ ਕਿ ਉਸਨੇ ਹਾਲ ਹੀ ਵਿੱਚ ਪਿਛਲੀ ਡੇਅਰੀ ਨੂੰ ਸੱਤ ਵਾਰ ਲੁੱਟੇ ਜਾਣ ਤੋਂ ਬਾਅਦ ਵੇਚਿਆ ਸੀ। ਉਸ ਨੇ ਇਹ ਨਵਾਂ ਕਾਰੋਬਾਰ ਜਨਵਰੀ ਵਿੱਚ ਖਰੀਦਿਆ ਸੀ। ਲੂਥਰ ਨੇ ਸਖ਼ਤ ਜੁਰਮਾਨੇ ਦੀ ਮੰਗ ਵੀ ਕੀਤੀ ਹੈ। ਪੁਲਿਸ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਇੱਕ ਹੋਰ ਨੇੜਲੀ ਡੇਅਰੀ ਵੀ ਲੁੱਟੀ ਗਈ ਹੈ।