ਯੋਗ ਨਿਊਜ਼ੀਲੈਂਡਰ ਅੱਜ ਤੋਂ ਆਪਣੇ ਬੈਂਕ ਖਾਤਿਆਂ ਵਿੱਚ ਸਰਕਾਰ ਦੀ ਰਹਿਣ-ਸਹਿਣ ਦੀ ਲਾਗਤ ਦੇ ਦੂਜੇ ਭੁਗਤਾਨ ਦੀ ਉਮੀਦ ਕਰ ਸਕਦੇ ਹਨ। ਯਾਨੀ ਕਿ ਨਿਊਜੀਲੈਂਡ ਸਰਕਾਰ ਵੀਰਵਾਰ ਨੂੰ ਹਜਾਰਾਂ ਯੋਗ ਨਿਊਜੀਲੈਂਡ ਵਾਸੀਆਂ ਦੇ ਖਾਤਿਆਂ ਵਿੱਚ cost of living payment ਦੀ ਦੂਜੀ ਕਿਸ਼ਤ ਟਰਾਂਸਫਰ ਕਰੇਗੀ। ਯੋਗ ਹੋਣ ਲਈ ਕੁੱਝ ਸ਼ਰਤਾਂ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਪਏਗਾ ਜਿਵੇ ਕਿ ਇੱਕ ਵਿਅਕਤੀ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਇੱਕ ਨਿਊਜ਼ੀਲੈਂਡ ਦਾ ਟੈਕਸ ਨਿਵਾਸੀ ਹੋਣਾ ਚਾਹੀਦਾ ਹੈ, ਜੋ ਪ੍ਰਤੀ ਸਾਲ $70,000 ਜਾਂ ਇਸ ਤੋਂ ਘੱਟ ਕਮਾਉਂਦਾ ਹੈ, ਅਤੇ ਜੋ ਵਿੰਟਰ ਐਨਰਜੀ ਪੈਮੇਂਟ ਪ੍ਰਾਪਤ ਨਹੀਂ ਕਰ ਰਿਹਾ ਹੈ। ਇਸ ਪਹਿਲਕਦਮੀ, ਜਿਸਦੀ ਲਾਗਤ $816 ਮਿਲੀਅਨ ਹੋਣ ਦਾ ਅਨੁਮਾਨ ਹੈ, ਦਾ ਐਲਾਨ ਬਜਟ 2022 ਵਿੱਚ ਕੀਤਾ ਗਿਆ ਸੀ।
ਹਾਲਾਂਕਿ, ਸਤੰਬਰ ਦੀ ਪਹਿਲੀ ਕਿਸ਼ਤ ਨਾਲੋਂ ਘੱਟ ਲੋਕਾਂ ਨੂੰ ਇਹ ਕਿਸ਼ਤ ਭੇਜੀ ਜਾਵੇਗੀ। ਕਿਉਂਕ ਪਿਛਲੀ ਵਾਰ ਵਿਦੇਸ਼ਾਂ ਵਿੱਚ ਰਹਿੰਦੇ ਕੁੱਝ ਨਿਊਜ਼ੀਲੈਂਡ ਦੇ ਲੋਕਾਂ ਅਤੇ ਮਰੇ ਹੋਏ ਲੋਕਾਂ ਦੀ ਇੱਕ ਛੋਟੀ ਜਿਹੀ ਗਿਣਤੀ ਨੂੰ ਵੀ ਇਹ ਕਿਸ਼ਤ ਭੇਜ ਦਿੱਤੀ ਗਈ ਸੀ ਜਿਸ ਤੋਂ ਬਾਅਦ ਸਰਕਾਰ ਦੀ ਕਾਫੀ ਆਲੋਚਨਾ ਹੋਈ ਸੀ। ਹਾਲ ਹੀ ਵਿੱਚ ਇਹ ਪੁਸ਼ਟੀ ਕੀਤੀ ਗਈ ਸੀ ਕਿ 30,000 ਤੋਂ ਵੱਧ ਲੋਕਾਂ ਨੂੰ ਇਨਲੈਂਡ ਰੈਵੇਨਿਊ ਨੂੰ ਸਾਬਿਤ ਕਰਨਾ ਪਏਗਾ ਕਿ ਉਹ ਯੋਗ ਹਨ।